Punjab News: ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਦੋ ਔਰਤਾਂ ਦੀ ਮੌਤ
ਫਰੀਦਕੋਟ, 27 ਜੁਲਾਈ 2026: ਫਰੀਦਕੋਟ ਦੇ ਸਾਦਿਕ ਰੋਡ ‘ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਦੋ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤਾਂ ਆਪਸ ਵਿੱਚ ਦਰਾਣੀ-ਜੇਠਾਣੀ ਸਨ ਅਤੇ ਹਰ ਰੋਜ਼ ਦੀ ਤਰ੍ਹਾਂ ਨਹਿਰ ਕਿਨਾਰੇ ਲੱਗੇ ਨਲਕਿਆਂ ਤੋਂ ਪੀਣ ਵਾਲਾ ਪਾਣੀ ਭਰਨ ਲਈ ਘਰੋਂ ਨਿਕਲੀਆਂ ਸਨ।
ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਬਲਵਿੰਦਰ ਸਿੰਘ ਨਗਰ ਵਾਸੀ, ਸੰਜਨਾ ਪਤਨੀ ਮਨਦੀਪ ਕੁਮਾਰ ਅਤੇ 49 ਸਾਲਾ ਪੂਜਾ ਪਤਨੀ ਮਨੋਜ ਕੁਮਾਰ ਸਵੇਰੇ ਕਰੀਬ 8 ਵਜੇ ਐਕਟਿਵਾ ‘ਤੇ ਸਵਾਰ ਹੋ ਕੇ ਸਾਦਿਕ ਰੋਡ ਰਾਹੀਂ ਜਾ ਰਹੀਆਂ ਸਨ। ਜਿਵੇਂ ਹੀ ਉਹ ਜਹਾਜ਼ ਗਰਾਊਂਡ ਨੇੜੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਔਰਤਾਂ ਕਈ ਮੀਟਰ ਤੱਕ ਸੜਕ ‘ਤੇ ਘਸੀਟੀਆਂ ਗਈਆਂ ਅਤੇ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਤੁਰੰਤ ਦੋਵੇਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵੇਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਦੋਵੇਂ ਔਰਤਾਂ ਹਰ ਰੋਜ਼ ਨਹਿਰ ਕਿਨਾਰੇ ਲੱਗੇ ਨਲਕਿਆਂ ਤੋਂ ਪੀਣ ਵਾਲਾ ਪਾਣੀ ਭਰਨ ਜਾਂਦੀਆਂ ਸਨ ਅਤੇ ਸ਼ੁੱਕਰਵਾਰ ਨੂੰ ਵੀ ਉਹ ਇਸੇ ਕੰਮ ਲਈ ਨਿਕਲੀਆਂ ਸਨ, ਪਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫ਼ਰਾਰ ਕਾਰ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਦਰਦਨਾਕ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।



