ਜੰਗਲਾਤ ਵਰਕਰਾਂ ਨੇ ਦਿੱਤਾ ਰੋਸ ਧਰਨਾ, 10 ਅਗਸਤ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਦੀ ਚੇਤਾਵਨੀ
ਪਾਇਲ 28 ਜੁਲਾਈ 2026
ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਦੀ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਵਣ ਰੇਂਜ ਦੋਰਾਹਾ, ਮੰਡਲ ਲੁਧਿਆਣਾ ਵੱਲੋਂ ਆਪਣੀਆਂ 5 ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਪਾਇਲ ਕੋਰਟ ਕੰਪਲੈਕਸ ਵਿਖੇ ਜ਼ੋਰਦਾਰ ਰੋਸ ਧਰਨਾ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਮੁੱਖ ਵਣਪਾਲ, ਦਫ਼ਤਰ ਵਣ ਭਵਨ, ਮੋਹਾਲੀ ਨੂੰ ਲਿਖਿਆ ਮੰਗ ਪੱਤਰ ਐੱਸ.ਡੀ.ਐੱਮ. ਪਾਇਲ ਰਾਹੀਂ ਵਿੱਤ ਮੰਤਰੀ ਨੂੰ ਭੇਜਿਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ 6 ਜੁਲਾਈ ਨੂੰ ਵਣ ਮੰਤਰੀ ਅਤੇ ਪ੍ਰਧਾਨ ਵਣਪਾਲ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਦੌਰਾਨ ਅਗਲੇ ਹਫ਼ਤੇ ਤਨਖਾਹਾਂ ਦਾ ਬਜਟ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਬਜਟ ਨਹੀਂ ਆਇਆ।
ਸਰਕਾਰ ਵੱਲੋਂ ਬਣਾਈ ਗਈ ਨਵੀਂ ਪਾਲਿਸੀ ਤਹਿਤ 10 ਸਾਲ ਦੀ ਸੇਵਾ ਪੂਰੇ ਕਰ ਚੁੱਕੇ ਕਾਮਿਆਂ ਦਾ ਰਿਕਾਰਡ ਅਪਡੇਟ ਕਰਨ ਦੀ ਮੰਗ ਕਰਦਿਆਂ ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ, ਤਾਂ 10 ਅਗਸਤ ਨੂੰ ਮੁੱਖ ਦਫ਼ਤਰ ਵਣ ਭਵਨ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਮਹਿਕਮੇ ਦੀ ਹੋਵੇਗੀ।
ਇਸ ਧਰਨੇ ਦੌਰਾਨ ਪ੍ਰਧਾਨ ਬਲਵਿੰਦਰ ਸਿੰਘ, ਚੇਅਰਮੈਨ ਕਿਰਤਪਾਲ ਸਿੰਘ, ਖ਼ਜ਼ਾਨਚੀ ਬਲਜੀਤ ਸਿੰਘ, ਹਰਵਿੰਦਰ ਸਿੰਘ, ਬਿੱਟੂ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਦਲਜੀਤ ਸਿੰਘ, ਰਮਜਾਨ ਖਾਨ, ਸੰਦੀਪ ਸਿੰਘ, ਤੀਰਭਵਨ ਸਿੰਘ, ਰਾਜ ਕੁਮਾਰ, ਲਖਬੀਰ ਸਿੰਘ, ਸੈਫਦੀਨ, ਸਹਿਜਪ੍ਰੀਤ ਸਿੰਘ, ਗੁਰਕੀਰਤਨ ਸਿੰਘ, ਬਿੰਦਰ ਕੌਰ, ਪਰਮਜੀਤ ਕੌਰ ਅਤੇ ਕਰਨੈਲ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।



