ਗਿੱਦੜਬਾਹਾ! ਤਾਲਾਬ ‘ਚ ਡਿੱਗਣ ਨਾਲ 3 ਸਾਲਾ ਮਾਸੂਮ ਫਤਿਹਵੀਰ ਦੀ ਮੌਤ
ਸ੍ਰੀ ਮੁਕਤਸਰ ਸਾਹਿਬ / ਗਿੱਦੜਬਾਹਾ 30 ਜੁਲਾਈ 2026
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ-ਕੰਬਾਊ ਖ਼ਬਰ ਸਾਹਮਣੇ ਆਈ ਹੈ। ਘਰ ਨੇੜੇ ਖੇਡਦੇ ਸਮੇਂ ਇੱਕ ਤਿੰਨ ਸਾਲਾ ਮਾਸੂਮ ਬੱਚਾ ਪਿੰਡ ਦੇ ਛੱਪੜ ਵਿੱਚ ਡਿੱਗ ਗਿਆ, ਜਿਸ ਕਾਰਨ ਪਾਣੀ ਵਿੱਚ ਡੁੱਬਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਦੇਰ ਰਾਤ ਕਾਫੀ ਜੱਦੋ-ਜਹਿਦ ਤੋਂ ਬਾਅਦ ਤਾਲਾਬ ਵਿੱਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਹੈ।
ਮ੍ਰਿਤਕ ਮਾਸੂਮ ਬੱਚੇ ਦੀ ਪਛਾਣ ਫਤਿਹਵੀਰ ਸਿੰਘ (ਉਮਰ 3 ਸਾਲ) ਵਜੋਂ ਹੋਈ ਹੈ। ਬੱਚੇ ਦੇ ਪਿਤਾ ਭੁਪਿੰਦਰ ਸਿੰਘ ਇੱਕ ਗਰੀਬ ਦਿਹਾੜੀਦਾਰ ਮਜ਼ਦੂਰ ਹਨ, ਜੋ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਪਿੰਡ ਵਾਸੀਆਂ ਨੇ ਅਤਿਅੰਤ ਦੁਖੀ ਮਨ ਨਾਲ ਦੱਸਿਆ ਕਿ ਇਹ ਬੱਚਾ ਪਰਿਵਾਰ ਲਈ ਬਹੁਤ ਖਾਸ ਸੀ, ਕਿਉਂਕਿ ਵਿਆਹ ਤੋਂ ਬਾਅਦ ਲੰਬੇ ਸਮੇਂ ਦੀ ਉਡੀਕ ਅਤੇ ਸੁੱਖਾਂ-ਸੁੱਖਣ ਤੋਂ ਬਾਅਦ ਮਾਪਿਆਂ ਦੇ ਘਰ ਇਸ ਆਂਗਣ ‘ਚ ਖੁਸ਼ੀਆਂ ਆਈਆਂ ਸਨ। ਪਰ ਕਿਸੇ ਨੂੰ ਕੀ ਪਤਾ ਸੀ ਕਿ ਵਿਧਾਤਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਮਾਸੂਮ ਫਤਿਹਵੀਰ ਆਪਣੇ ਘਰ ਦੇ ਨੇੜੇ ਹੀ ਖੇਡ ਰਿਹਾ ਸੀ ਕਿ ਖੇਡਦੇ-ਖੇਡਦੇ ਅਚਾਨਕ ਲਾਪਤਾ ਹੋ ਗਿਆ। ਜਦੋਂ ਕਾਫੀ ਦੇਰ ਤੱਕ ਬੱਚਾ ਦਿਖਾਈ ਨਾ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਆਸ-ਪਾਸ ਦੇ ਲੋਕਾਂ ਅਤੇ ਪਰਿਵਾਰ ਨੇ ਪੂਰੇ ਪਿੰਡ ‘ਚ ਬੱਚੇ ਦੀ ਕਾਫੀ ਖੋਜ ਕੀਤੀ, ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਅਖੀਰ ਘਰ ਦੇ ਕੋਲ ਬਣੇ ਤਾਲਾਬ ‘ਤੇ ਸ਼ੱਕ ਪੈਣ ‘ਤੇ ਤੁਰੰਤ ਗੋਤਾਖੋਰਾਂ ਦੀ ਮਦਦ ਲਈ ਗਈ।
ਗੋਤਾਖੋਰਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਦੇਰ ਰਾਤ ਬੱਚੇ ਦੀ ਲਾਸ਼ ਨੂੰ ਤਾਲਾਬ ਦੇ ਡੂੰਘੇ ਪਾਣੀ ‘ਚੋਂ ਬਾਹਰ ਕੱਢਿਆ। ਜਿਵੇਂ ਹੀ ਮਾਸੂਮ ਦੀ ਮ੍ਰਿਤਕ ਦੇਹ ਪਾਣੀ ‘ਚੋਂ ਬਾਹਰ ਆਈ, ਤਾਂ ਪਰਿਵਾਰ ‘ਚ ਚੀਕ-ਚਿਹਾੜਾ ਪੈ ਗਿਆ ਅਤੇ ਮਾਂ-ਪਿਓ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਬੱਚੇ ਦੀ ਦੇਹ ਨੂੰ ਬਾਹਰ ਕੱਢਣ ਵਾਲੇ ਗੋਤਾਖੋਰ ਨੇ ਇਸ ਦੁਖਦਾਈ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਗੰਭੀਰ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਪਿੰਡਾਂ ਵਿੱਚ ਬਣੇ ਖੁੱਲ੍ਹੇ ਛੱਪੜਾਂ ਅਤੇ ਤਾਲਾਬਾਂ ਦੁਆਲੇ ਸੁਰੱਖਿਆ ਲਈ ਮਜ਼ਬੂਤ ਰੇਲਿੰਗ ਜਾਂ ਬਾਊਂਡਰੀ ਵਾਲ (ਚਾਰਦੀਵਾਰੀ) ਬਣਾਉਣਾ ਅਤੀ ਜ਼ਰੂਰੀ ਹੈ। ਜੇਕਰ ਸਮਾਂ ਰਹਿੰਦੇ ਇਹ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤਾਂ ਭਵਿੱਖ ਵਿੱਚ ਅਜਿਹੇ ਭਿਆਨਕ ਹਾਦਸਿਆਂ ਅਤੇ ਮਾਸੂਮ ਜਾਨਾਂ ਦੇ ਜਾਣ ਤੋਂ ਬਚਾਅ ਕੀਤਾ ਜਾ ਸਕਦਾ ਹੈ। ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਪੀੜਤ ਗਰੀਬ ਪਰਿਵਾਰ ਲਈ ਵਿੱਤੀ ਮਦਦ ਦੀ ਮੰਗ ਕੀਤੀ ਹੈ।



