ਪੰਜਾਬ ‘ਚ ਪੰਜ ਸਾਲਾਂ ਦੌਰਾਨ 8 ਲੱਖ ਮਗਨਰੇਗਾ Job ਕਾਰਡ ਰੱਦ, 14 ਲੱਖ ਕਾਮੇ ਹੋਏ ਬਾਹਰ

Top Trending News ਪੰਜਾਬ

 

ਪੰਜਾਬ ‘ਚ ਪੰਜ ਸਾਲਾਂ ਦੌਰਾਨ 8 ਲੱਖ ਮਗਨਰੇਗਾ Job ਕਾਰਡ ਰੱਦ, 14 ਲੱਖ ਕਾਮੇ ਹੋਏ ਬਾਹਰ

ਚੰਡੀਗੜ੍ਹ, 1 ਅਗਸਤ 2026

ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਮਗਨਰੇਗਾ (MGNREGA) ਸਕੀਮ ਅਧੀਨ ਵੱਡੀ ਕਾਰਵਾਈ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪੜਤਾਲੀਆ ਮੁਹਿੰਮ ਤਹਿਤ ਸੂਬੇ ਵਿੱਚ 8 ਲੱਖ ਤੋਂ ਵੱਧ ਜੌਬ ਕਾਰਡ ਰੱਦ ਕਰਕੇ ਲਗਭਗ 14 ਲੱਖ ਕਾਮਿਆਂ ਨੂੰ ਇਸ ਸਕੀਮ ਦੀ ਲਾਭਪਾਤਰੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ, ਸਾਲ 2021 ਤੋਂ 2026 ਤੱਕ ਰਿਕਾਰਡ ਦੀ ਜਾਂਚ ਦੌਰਾਨ ਬੇਨਿਯਮੀਆਂ ਸਾਹਮਣੇ ਆਈਆਂ ਸਨ। ਇਸ ਪੜਤਾਲ ਤੋਂ ਬਾਅਦ ਅਯੋਗ ਲਾਭਪਾਤਰੀਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਗਈ, ਜਿਸ ਤਹਿਤ ਕੁੱਲ 8.04 ਲੱਖ ਅਯੋਗ ਜੌਬ ਕਾਰਡ ਰੱਦ ਕੀਤੇ ਗਏ ਅਤੇ ਡੇਟਾਬੇਸ ਵਿੱਚੋਂ 14.05 ਲੱਖ ਕਾਮਿਆਂ ਦੇ ਨਾਂ ਹਟਾਏ ਗਏ।

ਕੇਂਦਰ ਸਰਕਾਰ ਅਨੁਸਾਰ ਇਹ ਕਦਮ ਲਾਭਪਾਤਰੀਆਂ ਦੇ ਰਿਕਾਰਡ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਗੜਬੜੀਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਦੂਜੇ ਪਾਸੇ, ਇਹ ਵਿਕਾਸ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਹਿਲੀ ਜੁਲਾਈ ਤੋਂ ਮਗਨਰੇਗਾ ਸਕੀਮ ਨੂੰ ‘ਵਿਕਸਿਤ ਭਾਰਤ ਜੀ ਰਾਮ ਜੀ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਹਾਲਾਂਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਨਵੀਂ ਸਕੀਮ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਅਤੇ ਵੱਡੇ ਰਾਹ ਖੁੱਲ੍ਹਣਗੇ, ਪਰ ਪਿਛਲੇ ਪੰਜ ਸਾਲਾਂ ਦੌਰਾਨ ਇੰਨੀ ਵੱਡੀ ਗਿਣਤੀ ਵਿੱਚ ਕਾਰਡ ਰੱਦ ਹੋਣ ਕਾਰਨ ਪੰਜਾਬ ਦੇ ਹਜ਼ਾਰਾਂ ਪੇਂਡੂ ਪਰਿਵਾਰਾਂ ਦੇ ਰੁਜ਼ਗਾਰ ਉੱਤੇ ਅਸਰ ਪਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਕੇਵਲ ਅਸਲੀ ਅਤੇ ਲੋੜਵੰਦ ਮਜ਼ਦੂਰਾਂ ਨੂੰ ਹੀ ਨਵੀਂ ਪ੍ਰਣਾਲੀ ਦਾ ਲਾਭ ਦਿੱਤਾ ਜਾਵੇਗਾ।