Weather Update: ਪੰਜਾਬ ‘ਚ ਅੱਜ ਤੋਂ ਅਗਲੇ ਚਾਰ ਦਿਨ ਭਾਰੀ ਮੀਂਹ ਦੀ ਚੇਤਾਵਨੀ; ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ ‘ਚ ਅਲਰਟ ਜਾਰੀ
ਚੰਡੀਗੜ੍ਹ, 1 ਅਗਸਤ 2026
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅਗਲੇ ਕੁੱਝ ਦਿਨਾਂ ਲਈ ਮੀਂਹ ਨੂੰ ਲੈ ਕੇ ਅਹਿਮ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਮੁਤਾਬਕ ਅੱਜ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ‘ਆਰੇਂਜ ਅਲਰਟ’ (Orange Alert) ਜਦਕਿ 6 ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ (Yellow Alert) ਰਹੇਗਾ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ‘ਆਰੇਂਜ ਅਲਰਟ’ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਤੇਜ਼ ਗਰਜ, ਬਿਜਲੀ ਲਿਸ਼ਕਣ ਅਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ, ਜਿੱਥੇ ਗਰਜ-ਚਮਕ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਬੁਲੇਟਨ ਦੇ ਮੁਤਾਬਕ, 2 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਯੈਲੋ ਅਲਰਟ ਰਹੇਗਾ। ਇੱਥੇ ਭਾਰੀ ਬਾਰਿਸ਼ ਅਤੇ ਬੱਦਲ ਗਰਜਣ ਦੀ ਸੰਭਾਵਨਾ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਹਲਕਾ ਤੋਂ ਮੱਧਮ ਮੀਂਹ ਪਵੇਗਾ।
3 ਅਗਸਤ ਨੂੰ ਮੌਸਮ ਦਾ ਮਿਜ਼ਾਜ਼ ਬਦਲਦਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਦੇ ਨਾਲ-ਨਾਲ ਮਾਲਵਾ ਦੇ ਫ਼ਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
4 ਅਗਸਤ ਨੂੰ ਵੀ ਇਨ੍ਹਾਂ ਹੀ 9 ਜ਼ਿਲ੍ਹਿਆਂ (ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਰੂਪਨਗਰ ਅਤੇ ਮੋਹਾਲੀ) ਵਿੱਚ ਯੈਲੋ ਅਲਰਟ ਬਰਕਰਾਰ ਰਹੇਗਾ।
ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਸੁਚੇਤ ਰਹਿਣ ਅਤੇ ਬਿਜਲੀ ਦੀ ਚਮਕ ਸਮੇਂ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਹੈ।



