Punjab News: ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਕੀਤੀ ਖੁਦਕੁਸ਼ੀ
ਸੁਨਾਮ ਊਧਮ ਸਿੰਘ ਵਾਲਾ 13 ਅਗਸਤ 2026
ਪਿੰਡ ਸੰਗਤੀਵਾਲਾ ਦੇ 32 ਸਾਲਾ ਨੌਜਵਾਨ ਕਿਸਾਨ ਜੱਗਾ ਸਿੰਘ ਵੱਲੋਂ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਸਿਰ ’ਤੇ ਚੜ੍ਹੇ ਕਰਜ਼ੇ ਅਤੇ ਫ਼ਸਲਾਂ ਦੇ ਘੱਟ ਝਾੜ ਕਾਰਨ ਪਿਛਲੇ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਦੱਸਿਆ ਜਾ ਰਿਹਾ ਸੀ।
ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਜੱਗਾ ਸਿੰਘ ਪੁੱਤਰ ਪਾਲ ਸਿੰਘ ਕੋਲ ਆਪਣੀ ਦੋ ਏਕੜ ਜ਼ਮੀਨ ਸੀ ਅਤੇ ਉਹ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਹੋਰ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਦੇ ਸਿਰ ’ਤੇ ਸਰਕਾਰੀ ਅਤੇ ਗ਼ੈਰ-ਸਰਕਾਰੀ ਤੌਰ ’ਤੇ ਕਰੀਬ ਪੰਜ ਲੱਖ ਰੁਪਏ ਦਾ ਕਰਜ਼ਾ ਸੀ।
ਪੁਲੀਸ ਅਨੁਸਾਰ, ਬੀਤੀ 9 ਅਗਸਤ ਨੂੰ ਜੱਗਾ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਹਾਲਤ ਵਿਗੜਨ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਸੰਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ।
ਸਾਬਕਾ ਸਰਪੰਚ ਜਥੇਦਾਰ ਰਘਵੀਰ ਸਿੰਘ ਅਤੇ ਅਕਾਲੀ ਆਗੂ ਦਰਸ਼ਨ ਸਿੰਘ ਨੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਯੋਗ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ, ਪਤਨੀ, ਚਾਰ ਸਾਲਾ ਧੀ ਅਤੇ ਡੇਢ ਸਾਲਾ ਪੁੱਤਰ ਛੱਡ ਗਿਆ ਹੈ।



