- ਤਿੰਨ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ
ਮੋਰਿੰਡਾ, 13 ਅਗਸਤ (ਭਟੋਆ): ਮੋਰਿੰਡਾ ਦੇ ਕੂਚੀਗਰਾਂ ਮੁਹੱਲੇ ਵਿੱਚ ਪੁਰਾਣੀ ਰੰਜਿਸ਼ ਅਤੇ ਗਾਲੀ-ਗਲੋਚ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਤਿੰਨ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਮੋਰਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ 7 ਵਿਅਕਤੀਆਂ ਨੂੰ ਨਾਮਜ਼ਦ ਕਰਨ ਤੋਂ ਇਲਾਵਾ 3-4 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕੂਚੀਗਰਾਂ ਮੁਹੱਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 1 ਅਗਸਤ ਨੂੰ ਉਸ ਦਾ ਗੁਆਂਢੀ ਅਜੇ ਕੁਮਾਰ ਆਪਣੇ ਕੁਝ ਸਾਥੀਆਂ ਨਾਲ ਗਲੀ ਵਿੱਚ ਗਾਲੀ-ਗਲੋਚ ਕਰ ਰਿਹਾ ਸੀ। ਘਰ ਵਿੱਚ ਔਰਤਾਂ ਹੋਣ ਕਾਰਨ ਉਸ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ, ਜਿਸ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ, ਅਤੇ ਉਸੇ ਸ਼ਾਮ ਜਦੋ ਉਹ ਆਪਣੇ ਦੋਸਤਾਂ ਪ੍ਰਿਤਪਾਲ ਸਿੰਘ ਉਰਫ਼ ਸ਼ੌਹੀ ਅਤੇ ਨਰੇਸ਼ ਕੁਮਾਰ ਨਾਲ ਬਾਜ਼ਾਰ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਮਸੀਤ ਜਾਮਾ ਮਸਜਿਦ ਨੇੜੇ ਮੋਟਰਸਾਈਕਲਾਂ ’ਤੇ ਆਏ ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਨਾਂ ਤੇ ਹਮਲਾ ਕਰ ਦਿੱਤਾ।
ਅੰਮ੍ਰਿਤਪਾਲ ਸਿੰਘ ਅਨੁਸਾਰ ਰਵਿੰਦਰ ਸਿੰਘ ਉਰਫ਼ ਜੱਗਾ ਨੇ ਅੰਮ੍ਰਿਤਪਾਲ ਦੇ ਸਿਰ ’ਤੇ , ਅਜੇ ਕੁਮਾਰ ਨੇ ਉਸ ਦੇ ਹੱਥ ’ਤੇ ਅਤੇ ਰਾਹੁਲ ਖਾਨ ਨੇ ਪ੍ਰਿਤਪਾਲ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੇ ਦੋਵੇਂ ਹੱਥ ਜ਼ਖਮੀ ਹੋ ਗਏ। ਇਸੇ ਦੌਰਾਨ ਨਰੇਸ਼ ਕੁਮਾਰ ’ਤੇ ਵੀ ਕਿਰਪਾਨ ਅਤੇ ਦਾਤ ਨਾਲ ਹਮਲਾ ਕੀਤਾ ਗਿਆ।
ਅੰਮ੍ਰਿਤਪਾਲ ਸਿੰਘ ਅਨੁਸਾਰ ਜਦੋਂ ਉਹ ਜਾਨ ਬਚਾਉਣ ਲਈ ਆਪਣੇ ਘਰ ਅੰਦਰ ਵੜੇ ਤਾਂ ਹਮਲਾਵਰ ਘਰ ਵਿੱਚ ਵੀ ਦਾਖਲ ਹੋ ਗਏ। ਜਿੱਥੇ ਉਨ੍ਹਾਂ ਨੇ ਛੁਡਵਾਉਣ ਆਏ ਅੰਮ੍ਰਿਤਪਾਲ ਦੇ ਮਾਤਾ-ਪਿਤਾ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਰੌਲਾ ਪੈਣ ’ਤੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨਾਂ ਨੂੰ ਜ਼ਖਮੀ ਹਾਲਤ ਵਿਚ ਪਹਿਲਾਂ ਸਰਕਾਰੀ ਹਸਪਤਾਲ ਮੋਰਿੰਡਾ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਤੇ ਗੰਭੀਰ ਸੱਟਾਂ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਜਾਂਚ ਅਧਿਕਾਰੀ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਮੋਰਿੰਡਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟਾਂ ਦੇ ਆਧਾਰ ਤੇ ਅਜੇ ਕੁਮਾਰ, ਗੱਗੀ ਬਾਣੀਆ, ਰਾਹੁਲ ਖਾਨ, ਸੰਜੂ, ਰਵਿੰਦਰ ਸਿੰਘ ਉਰਫ਼ ਜੱਗਾ ਅਤੇ ਹੈਪੀ ਸਮੇਤ 6 ਨਾਮਜ਼ਦ ਵਿਅਕਤੀਆਂ ਅਤੇ 3-4 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨਾ ਦੱਸਿਆ ਕਿ ਪੁਲਿਸ ਵੱਲੋਂ ਡਾਕਟਰੀ ਰਿਪੋਰਟਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।



