- ਡੀ ਸੀ ਨੇ ਸਪੈਸ਼ਲ ਇੰਟੈਂਸਿਵ ਮੁਹਿੰਮ ਤਹਿਤ ਘਰ-ਘਰ ਸਰਵੇਖਣ ਪੜਾਅ ਮੁਕੰਮਲ ਹੋਣ ਉਪਰੰਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਵੋਟਰ ਸੂਚੀਆਂ ਸੌਂਪੀਆਂ
- ਅਨਮੈਪਡ ਅਤੇ ਲਾਜੀਕਲ ਡਿਸਕ੍ਰੈਪੈਂਸੀ ਵਾਲੇ ਵੋਟਰਾਂ ਨੂੰ ਜਾਰੀ ਕੀਤੇ ਜਾਣਗੇ ਨੋਟਿਸ ਅਤੇ ਮਿਲੇਗਾ ਸੁਣਵਾਈ ਦਾ ਮੌਕਾ
- ਐਨੂਮੇਰੇਸ਼ਨ ਫਾਰਮ ਜਮ੍ਹਾਂ ਨਾ ਕਰਵਾ ਸਕਣ ਵਾਲੇ ਯੋਗ ਵੋਟਰ 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਾਇਰ ਕਰ ਸਕਣਗੇ
- ਨਵੇਂ ਵੋਟ, ਵੇਰਵਿਆਂ ਵਿੱਚ ਸੋਧ ਅਤੇ ਪਤਾ ਬਦਲਣ ਲਈ ਵੀ ਹੁਣ ਅਰਜ਼ੀ ਦਿੱਤੀ ਜਾ ਸਕੇਗੀ
- ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਨੋਟਿਸਾਂ ਦੀ ਸੁਣਵਾਈ ਲਈ 87 ਈ ਆਰ ਓਜ਼/ਏ ਈ ਆਰ ਓਜ਼ ਤਾਇਨਾਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਗਸਤ (ਦੇਸ਼ ਕਲਿੱਕ ਬਿਊਰੋ): ਵਿਸ਼ੇਸ਼ ਗਹਿਰੀ ਸੁਧਾਈ-2026 ਦੇ ਪਹਿਲੇ ਪੜਾਅ, ਜਿਸ ਤਹਿਤ ਘਰ-ਘਰ ਸਰਵੇਖਣ ਅਤੇ ਐਨੂਮੇਰੇਸ਼ਨ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਉਪਰੰਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਵੋਟਰ ਸੂਚੀਆਂ ਸੌਂਪੀਆਂ।
ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸਥਾਰਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨੂਮੇਰੇਸ਼ਨ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਉਪਰੰਤ ਜ਼ਿਲ੍ਹੇ ਵਿੱਚ ਕੁੱਲ 7,00,719 ਵੋਟਰ ਹਨ, ਜਿਨ੍ਹਾਂ ਵਿੱਚ 3,62,751 ਪੁਰਸ਼, 3,37,954 ਮਹਿਲਾ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ। ਇਨ੍ਹਾਂ ਵੋਟਰਾਂ ਲਈ ਜ਼ਿਲ੍ਹੇ ਵਿੱਚ ਕੁੱਲ 936 ਪੋਲਿੰਗ ਸਟੇਸ਼ਨ ਹਨ।
ਵਿਧਾਨ ਸਭਾ ਹਲਕਾ-ਵਾਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਖਰੜ ਵਿਧਾਨ ਸਭਾ ਹਲਕੇ ਵਿੱਚ 2,46,922 ਵੋਟਰ ਅਤੇ 324 ਪੋਲਿੰਗ ਸਟੇਸ਼ਨ, ਐਸ.ਏ.ਐਸ. ਨਗਰ ਹਲਕੇ ਵਿੱਚ 1,92,715 ਵੋਟਰ ਅਤੇ 283 ਪੋਲਿੰਗ ਸਟੇਸ਼ਨ, ਜਦਕਿ ਡੇਰਾਬੱਸੀ ਹਲਕੇ ਵਿੱਚ 2,61,082 ਵੋਟਰ ਅਤੇ 329 ਪੋਲਿੰਗ ਸਟੇਸ਼ਨ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ਅਨਮੈਪਡ ਵੋਟਰਾਂ ਅਤੇ ਲਾਜ਼ੀਕਲ ਡਿਸਕ੍ਰੈਪੈਂਸੀ ਵਾਲੇ ਵੋਟਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਨੋਟਿਸਾਂ ਦੀ ਸੁਣਵਾਈ ਲਈ ਜ਼ਿਲ੍ਹੇ ਵਿੱਚ 87 ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ /ਅਸਿਸਟੈਂਟ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ 84,795 ਅਨਮੈਪਡ ਵੋਟਰਾਂ ਅਤੇ 1,09,419 ਲਾਜੀਕਲ ਡਿਸਕ੍ਰੈਪੈਂਸੀਜ਼ ਦੀ ਪਛਾਣ ਕੀਤੀ ਗਈ ਹੈ। ਸਬੰਧਤ ਵੋਟਰਾਂ ਨੂੰ ਨੋਟਿਸ ਅਤੇ ਸੁਣਵਾਈ ਦੀ ਪ੍ਰਕਿਰਿਆ ਦੌਰਾਨ ਲੋੜੀਂਦੇ ਦਸਤਾਵੇਜ਼ ਅਤੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ, 2026 ਤੱਕ ਦਾਇਰ ਕੀਤੇ ਜਾ ਸਕਦੇ ਹਨ। ਨੋਟਿਸ ਜਾਰੀ ਕਰਨ ਅਤੇ ਉਨ੍ਹਾਂ ਦੇ ਨਿਪਟਾਰੇ ਦੀ ਪ੍ਰਕਿਰਿਆ 13 ਅਗਸਤ ਤੋਂ 8 ਅਕਤੂਬਰ, 2026 ਤੱਕ ਜਾਰੀ ਰਹੇਗੀ ਅਤੇ ਇਸ ਦੌਰਾਨ ਸਬੰਧਤ ਵੋਟਰਾਂ ਨੂੰ ਨਿਰਧਾਰਤ ਈ ਆਰ ਓਜ਼/ਏ ਈ ਆਰ ਓਜ਼ ਦੇ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਯੋਗ ਵੋਟਰ ਕਿਸੇ ਕਾਰਨ ਆਪਣਾ ਐਨੂਮੇਰੇਸ਼ਨ ਫਾਰਮ ਜਮ੍ਹਾਂ ਨਹੀਂ ਕਰਵਾ ਸਕੇ ਅਤੇ ਜਿਨ੍ਹਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ, ਉਹ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ 6 ਅਤੇ ਯੋਗ ਵਿਦੇਸ਼ੀ ਭਾਰਤੀ ਵੋਟਰ ਫਾਰਮ ਨੰਬਰ 6ਏ ਰਾਹੀਂ ਅਰਜ਼ੀ ਦੇ ਸਕਦੇ ਹਨ।
ਵੋਟਰ ਸੂਚੀ ਵਿੱਚ ਕਿਸੇ ਇੰਦਰਾਜ਼ ਸਬੰਧੀ ਇਤਰਾਜ਼ ਲਈ ਫਾਰਮ ਨੰਬਰ 7, ਜਦਕਿ ਵੋਟਰ ਦੇ ਵੇਰਵਿਆਂ ਵਿੱਚ ਸੋਧ, ਜਿਸ ਵਿੱਚ ਪਤਾ ਬਦਲਣਾ ਵੀ ਸ਼ਾਮਲ ਹੈ, ਲਈ ਫਾਰਮ ਨੰਬਰ 8 ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਡਰਾਫਟ ਵੋਟਰ ਸੂਚੀਆਂ ਸਬੰਧਤ ਐਸ.ਡੀ.ਐਮਜ਼ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਉਪਲਬਧ ਰਹਿਣਗੀਆਂ। ਉਨ੍ਹਾਂ ਕਿਹਾ ਕਿ 16 ਅਗਸਤ, 2026 ਨੂੰ ਬੀ ਐਲ ਓਜ਼ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਡਰਾਫਟ ਵੋਟਰ ਸੂਚੀਆਂ ਸਮੇਤ ਮੌਜੂਦ ਰਹਿਣਗੇ, ਤਾਂ ਜੋ ਵੋਟਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਵੇਰਵੇ ਜ਼ਰੂਰ ਚੈੱਕ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਦਾਅਵੇ, ਇਤਰਾਜ਼ ਜਾਂ ਲੋੜੀਂਦੀਆਂ ਅਰਜ਼ੀਆਂ ਦਾਇਰ ਕਰਕੇ ਇਹ ਯਕੀਨੀ ਬਣਾਉਣ ਕਿ ਅੰਤਿਮ ਵੋਟਰ ਸੂਚੀ ਵਿੱਚ ਉਨ੍ਹਾਂ ਦੇ ਵੇਰਵੇ ਸਹੀ ਦਰਜ ਹੋਣ।



