BREAKING- ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਫਾਇਰਿੰਗ
ਅੰਮ੍ਰਿਤਸਰ, 14 ਅਗਸਤ 2026: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਉੱਪਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 12 ਅਗਸਤ ਦੀ ਰਾਤ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ ਨੇੜੇ ਗੋਲੀਆਂ ਚਲਾਈਆਂ ਗਈਆਂ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਘਰ ਦੇ ਬਾਹਰ ਖੜ੍ਹੀ ਕਾਰ ’ਤੇ ਗੋਲੀ ਲੱਗਣ ਦਾ ਨਿਸ਼ਾਨ ਮਿਲਿਆ ਅਤੇ ਮੌਕੇ ਤੋਂ ਇੱਕ ਰੌਂਦ ਵੀ ਬਰਾਮਦ ਹੋਇਆ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਫਾਇਰਿੰਗ ਕਰਨ ਵਾਲਿਆਂ ਦੀ ਸਪੱਸ਼ਟ ਪਛਾਣ ਨਹੀਂ ਹੋ ਸਕੀ। ਹਾਲਾਂਕਿ, ਕੈਮਰਿਆਂ ਵਿੱਚ ਗੋਲੀ ਚੱਲਣ ਦੀ ਆਵਾਜ਼ ਰਿਕਾਰਡ ਹੋਣ ਦੀ ਗੱਲ ਸਾਹਮਣੇ ਆਈ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਖੰਗਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਫਾਇਰਿੰਗ ਦੀ ਘਟਨਾ ਨਾਲ ਜੁੜੇ ਹੋਰ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਣ ਦੇ ਯਤਨ ਜਾਰੀ ਹਨ। ਘਟਨਾ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।




