GTC ਪੰਜਾਬੀ ਦੀ ਗੁਰਬਾਣੀ ਪ੍ਰਸਾਰਣ ’ਤੇ ਅੰਤਰਿਮ ਰੋਕ ਤੋਂ ਦਿੱਲੀ ਹਾਈਕੋਰਟ ਵੱਲੋਂ ਇਨਕਾਰ

Top Trending News ਪੰਜਾਬ

 

GTC ਪੰਜਾਬੀ ਦੀ ਗੁਰਬਾਣੀ ਪ੍ਰਸਾਰਣ ’ਤੇ ਅੰਤਰਿਮ ਰੋਕ ਤੋਂ ਦਿੱਲੀ ਹਾਈਕੋਰਟ ਵੱਲੋਂ ਇਨਕਾਰ

ਨਵੀਂ ਦਿੱਲੀ, 14 ਅਗਸਤ 2026- ਦਿੱਲੀ ਹਾਈ ਕੋਰਟ ਨੇ ਜੀ.ਟੀ.ਸੀ. ਪੰਜਾਬੀ ਵਿਰੁੱਧ ਦਾਇਰ ਪਟੀਸ਼ਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਅਤੇ ਪੀ.ਟੀ.ਸੀ. ਨੈੱਟਵਰਕ ਵੱਲੋਂ ਮੰਗੀ ਗਈ ਅੰਤਰਿਮ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਜੀ.ਟੀ.ਸੀ. ਪੰਜਾਬੀ ਵੱਲੋਂ ਗੁਰਬਾਣੀ ਦਾ ਪ੍ਰਸਾਰਣ ਬਿਨਾਂ ਕਿਸੇ ਅੰਤਰਿਮ ਰੋਕ ਦੇ ਜਾਰੀ ਰਹੇਗਾ।

ਜੀ.ਟੀ.ਸੀ. ਨੈੱਟਵਰਕ ਨੇ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਉਸ ਦੀ ਮੁੱਖ ਪ੍ਰੋਗਰਾਮਿੰਗ ਵਚਨਬੱਧਤਾ ਦਾ ਹਿੱਸਾ ਹੈ ਅਤੇ ਇਹ ਭਾਰਤ ਸਮੇਤ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਅਤੇ ਸਿੱਖ ਦਰਸ਼ਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਚੈਨਲ ਡੀ.ਡੀ. ਫ੍ਰੀਡਿਸ਼, ਟਾਟਾ ਪਲੇ, ਏਅਰਟੈੱਲ ਡੀ.ਟੀ.ਐੱਚ., ਆਈ.ਪੀ.ਟੀ.ਵੀ., ਫਾਸਟਵੇ, ਡੀ.ਈ.ਐੱਨ., ਸਕਾਈ ਯੂ.ਕੇ. 770, ਸੈਮਸੰਗ ਟੀ.ਵੀ. ਪਲੱਸ ਸਮੇਤ 20 ਤੋਂ ਵੱਧ ਓ.ਟੀ.ਟੀ. ਅਤੇ ਫਾਸਟ ਪਲੇਟਫਾਰਮਾਂ ’ਤੇ ਉਪਲਬਧ ਹੈ।

ਨੈੱਟਵਰਕ ਨੇ ਕਿਹਾ ਕਿ ਮਾਮਲਾ ਅਜੇ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਉਸ ਵੱਲੋਂ ਆਪਣੀ ਪੂਰੀ ਸਥਿਤੀ ਅਦਾਲਤ ਦੇ ਰਿਕਾਰਡ ’ਤੇ ਰੱਖ ਦਿੱਤੀ ਗਈ ਹੈ। ਜੀ.ਟੀ.ਸੀ. ਨੇ ਕਿਹਾ ਕਿ ਉਹ ਉਚਿਤ ਕਾਨੂੰਨੀ ਪ੍ਰਕਿਰਿਆ ਰਾਹੀਂ ਪਟੀਸ਼ਨ ਦਾ ਵਿਰੋਧ ਕਰਦਾ ਰਹੇਗਾ।

ਨੈੱਟਵਰਕ ਮੁਤਾਬਕ ਗੁਰਬਾਣੀ ਸੰਗਤ ਦੀ ਸਾਂਝੀ ਵਿਰਾਸਤ ਹੈ ਅਤੇ ਅਦਾਲਤ ਵੱਲੋਂ ਅੰਤਰਿਮ ਰੋਕ ਤੋਂ ਇਨਕਾਰ ਕੀਤੇ ਜਾਣ ਨਾਲ ਸੰਗਤ ਦਾ ਗੁਰਬਾਣੀ ਨਾਲ ਇਹ ਸੰਪਰਕ ਜਾਰੀ ਰਹੇਗਾ। ਜੀ.ਟੀ.ਸੀ. ਨੈੱਟਵਰਕ ਵੱਲੋਂ ਜੀ.ਟੀ.ਸੀ. ਗੁਰਮਤਿ ਤੋਂ ਇਲਾਵਾ ਜੀ.ਟੀ.ਸੀ. ਪੰਜਾਬੀ, ਜੀ.ਟੀ.ਸੀ. ਨਿਊਜ਼ ਅਤੇ ਪੰਜਾਬੀ ਸ਼ਾਰਟਸ ਚੈਨਲ ਵੀ ਚਲਾਏ ਜਾ ਰਹੇ ਹਨ।