BREAKING- ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ
ਫ਼ਤਹਿਗੜ੍ਹ ਸਾਹਿਬ, 14 ਅਗਸਤ 2026- ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਚੰਡੀਗੜ੍ਹ ਰੋਡ ’ਤੇ ਪਿੰਡ ਅੱਤੇਵਾਲੀ ਨੇੜੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਾਧਵ ਕੁਮਾਰ ਅਤੇ ਹਰੀਸ਼ ਕੁਮਾਰ ਵਾਸੀ ਆਦਰਸ਼ ਨਗਰ, ਸਰਹਿੰਦ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੇ ਦੋਸਤ ਹਰਸ਼ਿਤ ਦੀ ਭੈਣ ਦੇ ਘਰ ਪੁੱਤਰ ਦੀ ਖ਼ੁਸ਼ੀ ਵਿੱਚ ਰੱਖੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਆਦਰਸ਼ ਨਗਰ ਦੇ ਚਾਰ ਦੋਸਤ ਦੋ ਵੱਖ-ਵੱਖ ਹੋਂਡਾ ਸਿਟੀ ਕਾਰਾਂ ਵਿੱਚ ਸਵਾਰ ਸਨ। ਜਦੋਂ ਹਰੀਸ਼ ਕੁਮਾਰ ਵੱਲੋਂ ਚਲਾਈ ਜਾ ਰਹੀ ਕਾਰ ਪਿੰਡ ਅੱਤੇਵਾਲੀ ਨੇੜੇ ਪਹੁੰਚੀ ਤਾਂ ਅਚਾਨਕ ਉਸ ਦਾ ਟਾਇਰ ਫਟ ਗਿਆ।
ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਪਹਿਲਾਂ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਨੇੜੇ ਸਥਿਤ ਡੂੰਘੇ ਛੱਪੜ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਅਸ਼ੋਕ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਕਾਫ਼ੀ ਮੁਸ਼ੱਕਤ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕਰੀਬ 3:30 ਵਜੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਛੱਪੜ ’ਚੋਂ ਬਾਹਰ ਕੱਢਿਆ ਗਿਆ। ਹਾਲਾਂਕਿ ਉਦੋਂ ਤੱਕ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।
ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਸਮੇਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।



