ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਮੌਤ, ਪਤੀ ਸਮੇਤ 3 ਖ਼ਿਲਾਫ਼ ਕਤਲ ਦਾ ਕੇਸ ਦਰਜ
ਹਾਜੀਪੁਰ, 15 ਅਗਸਤ: ਹਾਜੀਪੁਰ ਥਾਣਾ ਖੇਤਰ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ ’ਤੇ ਪੁਲਸ ਨੇ ਉਸ ਦੇ ਬੀ.ਐੱਸ.ਐੱਫ. ਜਵਾਨ ਪਤੀ, ਚਾਚੇ ਅਤੇ ਚਾਚੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸ.ਐੱਚ.ਓ. ਹਰਪ੍ਰੇਮ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਰਮਾ ਵਜੋਂ ਹੋਈ ਹੈ। ਰਮਾ ਦਾ ਕਰੀਬ 12 ਸਾਲ ਪਹਿਲਾਂ ਅਮਰਜੀਤ ਸਿੰਘ ਵਾਸੀ ਸ਼ੇਖਾਮੱਤਾ/ਸੁਨੇਹੜਾ ਨਾਲ ਵਿਆਹ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਮ੍ਰਿਤਕਾ ਦੇ ਪਿਤਾ ਰਾਮ ਚੰਦ ਵਾਸੀ ਪਿੰਡ ਖੁੰਡਾ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਅਮਰਜੀਤ ਸਿੰਘ ਵੱਲੋਂ ਰਮਾ ਨੂੰ ਪੇਕੇ ਪਰਿਵਾਰ ਤੋਂ ਜ਼ਮੀਨ ਦਾ ਹਿੱਸਾ ਲਿਆਉਣ ਲਈ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕੀਤੀ ਜਾਂਦੀ ਸੀ। ਕੁਝ ਮਹੀਨੇ ਪਹਿਲਾਂ ਵੀ ਉਸ ਨਾਲ ਗੰਭੀਰ ਕੁੱਟਮਾਰ ਹੋਈ ਸੀ।
ਰਾਮ ਚੰਦ ਮੁਤਾਬਕ 14 ਅਗਸਤ ਨੂੰ ਤੜਕੇ ਕਰੀਬ 4 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਰਮਾ ਛੱਤ ਤੋਂ ਡਿੱਗ ਕੇ ਜ਼ਖ਼ਮੀ ਹੋ ਗਈ ਹੈ। ਹਸਪਤਾਲ ਪਹੁੰਚਣ ’ਤੇ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਸਰੀਰ ਅਤੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹੋਣ ਦਾ ਦਾਅਵਾ ਕਰਦਿਆਂ ਕਤਲ ਦਾ ਦੋਸ਼ ਲਾਇਆ। ਪੁਲਸ ਨੇ ਅਮਰਜੀਤ ਸਿੰਘ, ਕੁੱਕੀ ਅਤੇ ਸੋਨੀਆ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।





