Big News- ਜ਼ਖ਼ਮੀ ਭੇਸ ਧਾਰ ਕੇ ਗਵਰਨਰ ਹਾਊਸ ਵੱਲ ਕੂਚ ਕਰ ਰਹੇ ਸਿਮਰਨਜੀਤ ਮਾਨ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਚੰਡੀਗੜ੍ਹ, 15 ਅਗਸਤ 2026: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਚੰਡੀਗੜ੍ਹ ਪੁਲਿਸ ਨੇ ਸ਼ਨੀਵਾਰ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਪੰਜਾਬ ਰਾਜ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਘਟਨਾ ਗਵਰਨਰ ਹਾਊਸ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਦਰਮਿਆਨ ਵਾਪਰੀ।
ਮਾਨ ਜਦੋਂ ਰਾਜ ਭਵਨ ਵੱਲ ਵਧ ਰਹੇ ਸਨ ਤਾਂ ਉਨ੍ਹਾਂ ਦੇ ਸਿਰ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਉਹ ਜ਼ਖ਼ਮੀ ਹਾਲਤ ਵਿੱਚ ਨਜ਼ਰ ਆ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਜਾਇਆ।
ਰਿਪੋਰਟਾਂ ਮੁਤਾਬਕ, ਮਾਨ ਇੱਕ ਦਿਨ ਪਹਿਲਾਂ ਹੀ ਰਾਜ ਭਵਨ ਦੇ ਨੇੜੇ ਸਥਿਤ ਇੱਕ ਰਿਹਾਇਸ਼ ’ਤੇ ਪਹੁੰਚ ਗਏ ਸਨ ਅਤੇ ਰਾਤ ਉੱਥੇ ਰਹੇ। ਰਾਜ ਭਵਨ ਵੱਲ ਸਿੱਧੇ ਰਸਤੇ ’ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਵੱਖਰੇ ਤਰੀਕੇ ਨਾਲ ਇਲਾਕੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਉਨ੍ਹਾਂ ਦੇ ਜ਼ਖ਼ਮੀ ਹੋਣ ਦੇ ਕਾਰਨਾਂ ਅਤੇ ਇਸ ਘਟਨਾ ਨਾਲ ਜੁੜੀਆਂ ਹੋਰ ਸਥਿਤੀਆਂ ਬਾਰੇ ਵੀ ਸਵਾਲ ਉੱਠ ਰਹੇ ਹਨ। ਮਾਨ ਦੀ ਹਿਰਾਸਤ ਦੀ ਪੁਸ਼ਟੀ ਉਨ੍ਹਾਂ ਦੇ ਦਫ਼ਤਰ ਵੱਲੋਂ ਵੀ ਕੀਤੀ ਗਈ ਹੈ।
ਦੱਸ ਦਈਏ ਕਿ, ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਹ ਵੀ ਜਿਕਰਯੋਗ ਹੈ ਕਿ ਮਾਨ ਦੇ ਨਾਲ ਜਿੰਨੇ ਵੀ ਆਗੂ ਅਤੇ ਵਰਕਰ ਮੌਜੂਦ ਸਨ, ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ।





