ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਵਾਲਿਆਂ ’ਤੇ ਸੋਸ਼ਲ ਮੀਡੀਆ ਬੈਨ ਦਾ ਅਸਰ, Meta ਨੇ 7.5 ਲੱਖ ਤੋਂ ਵੱਧ Facebook ਅਤੇ ਇੰਸਟਾਗ੍ਰਾਮ ਖਾਤੇ ਹਟਾਏ
ਸਿਡਨੀ, 15 ਅਗਸਤ 2026- ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਲਗਾਈ ਗਈ ਦੁਨੀਆ ਦੀ ਪਹਿਲੀ ਪਾਬੰਦੀ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੇਟਾ ਨੇ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ 16 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਨੌਜਵਾਨਾਂ ਨਾਲ ਸਬੰਧਤ ਸ਼ੱਕੀ 7.5 ਲੱਖ ਤੋਂ ਵੱਧ ਖਾਤਿਆਂ ਨੂੰ ਡੀਐਕਟੀਵੇਟ ਕਰ ਦਿੱਤਾ ਹੈ।
ਮੇਟਾ ਮੁਤਾਬਕ, ਦਸੰਬਰ ਵਿੱਚ ਪਾਬੰਦੀ ਲਾਗੂ ਹੋਣ ਤੋਂ ਲੈ ਕੇ ਜੂਨ ਤੱਕ 4.62 ਲੱਖ ਸ਼ੱਕੀ ਇੰਸਟਾਗ੍ਰਾਮ ਅਤੇ 2.94 ਲੱਖ ਫੇਸਬੁੱਕ ਖਾਤੇ ਬੰਦ ਕੀਤੇ ਗਏ। ਕੰਪਨੀ ਵੱਲੋਂ ਜਨਵਰੀ ਤੱਕ 3.31 ਲੱਖ ਇੰਸਟਾਗ੍ਰਾਮ ਅਤੇ 1.73 ਲੱਖ ਫੇਸਬੁੱਕ ਖਾਤੇ ਹਟਾਏ ਗਏ ਸਨ। ਇਸ ਤੋਂ ਬਾਅਦ ਕੁਝ ਮਹੀਨਿਆਂ ਦੌਰਾਨ ਕਾਰਵਾਈ ਵਿੱਚ ਕਾਫ਼ੀ ਤੇਜ਼ੀ ਆਈ।
ਮੇਟਾ ਨੇ ਕਿਹਾ ਕਿ ਉਹ ਨਾਬਾਲਗਾਂ ਨਾਲ ਸਬੰਧਤ ਖਾਤਿਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਹਟਾਉਣ ਲਈ ਹੋਰ ਕਦਮ ਚੁੱਕਣ ਲਈ ਵੀ ਤਿਆਰ ਹੈ। ਕੰਪਨੀ ਨੇ ਇਹ ਕਦਮ ਆਸਟ੍ਰੇਲੀਆ ਵਿੱਚ ਨਾਬਾਲਗਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਨਿਯਮਤ ਕਰਨ ਲਈ ਲਾਗੂ ਕੀਤੇ ਗਏ ਨਵੇਂ ਕਾਨੂੰਨੀ ਪ੍ਰਬੰਧਾਂ ਦੇ ਮੱਦੇਨਜ਼ਰ ਚੁੱਕੇ ਹਨ। ਇਸ ਮਾਮਲੇ ਨੂੰ ਲੈ ਕੇ ਤਕਨੀਕੀ ਕੰਪਨੀਆਂ ਅਤੇ ਸਰਕਾਰ ਵਿਚਾਲੇ ਰੈਗੂਲੇਟਰੀ ਨਿਗਰਾਨੀ ਵੀ ਵਧ ਗਈ ਹੈ।





