ਬਿਜਲੀ ਦਾ ਮੀਟਰ ਚੈੱਕ ਕਰਨ ਗਏ ਮੁਲਾਜ਼ਮ ਨੂੰ ਬੰਧਕ ਬਣਾ ਕੇ ਕੁੱਤਿਆਂ ਤੋਂ ਵਢਵਾਇਆ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਗਵਾਲੀਅਰ, 16 ਅਗਸਤ 2026 :
ਸ਼ਹਿਰ ਦੇ ਹਜ਼ੀਰਾ ਥਾਣਾ ਖੇਤਰ ਅਧੀਨ ਇੰਦਰਾ ਨਗਰ ਵਿੱਚ ਬਿਜਲੀ ਦੇ ਮੀਟਰ ਦੀ ਜਾਂਚ ਕਰਨ ਗਏ ਇਕ ਨਿੱਜੀ ਮੁਲਾਜ਼ਮ ਨਾਲ ਕੁੱਟਮਾਰ ਕਰਕੇ ਉਸ ਨੂੰ ਬੰਧਕ ਬਣਾਉਣ ਅਤੇ ਕੁੱਤਿਆਂ ਤੋਂ ਵਢਵਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮੁਲਾਜ਼ਮ ਅਨੁਸਾਰ ਉਸ ਦੇ ਸਰੀਰ ’ਤੇ ਕੁੱਤਿਆਂ ਨੇ 17 ਥਾਵਾਂ ’ਤੇ ਵੱਢਿਆ।
ਸ਼ਤਾਬਦੀਪੁਰਮ ਵਾਸੀ ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਇੰਦਰਾ ਨਗਰ ਵਿੱਚ ਬਿਜਲੀ ਦੇ ਮੀਟਰਾਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਮਕਾਨ ਮਾਲਕ ਵੀਰੂ ਤੋਮਰ ਮੌਕੇ ’ਤੇ ਪਹੁੰਚਿਆ ਅਤੇ ਕਥਿਤ ਤੌਰ ’ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਿਆ।
ਰਵਿੰਦਰ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਦੇ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।
ਪੀੜਤ ਨੇ ਦੋਸ਼ ਲਾਇਆ ਕਿ ਕਮਰੇ ਵਿੱਚ ਬੰਦ ਕਰਨ ਮਗਰੋਂ ਉਸ ਉੱਪਰ ਕੁੱਤੇ ਛੱਡ ਦਿੱਤੇ ਗਏ, ਜਿਨ੍ਹਾਂ ਨੇ ਉਸ ਨੂੰ ਕਈ ਥਾਵਾਂ ਤੋਂ ਵੱਢ ਕੇ ਜ਼ਖ਼ਮੀ ਕਰ ਦਿੱਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਮਕਾਨ ਮਾਲਕ ਨੇ ਬੰਦੂਕ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਘਟਨਾ ਦੌਰਾਨ ਰੌਲਾ ਸੁਣ ਕੇ ਨੇੜੇ ਰਹਿੰਦੀ ਸੂਬੇ ਦੇ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਦੀ ਭੈਣ ਮੌਕੇ ’ਤੇ ਪਹੁੰਚੀ ਅਤੇ ਕਥਿਤ ਤੌਰ ’ਤੇ ਦਖ਼ਲ ਦੇ ਕੇ ਮੁਲਾਜ਼ਮ ਨੂੰ ਛੁਡਵਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਜੁੜੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ।





