ਵੱਡੀ ਖ਼ਬਰ: ਏਅਰਪੋਰਟ ’ਤੇ ਚੱਲੀ ਗੋਲੀ! 2 ਕਰਮਚਾਰੀ ਜ਼ਖਮੀ
ਵਾਰਾਣਸੀ, 16 ਅਗਸਤ 2026
ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਲਾਇਸੈਂਸੀ ਪਿਸਤੌਲ ਦੀ ਸਕ੍ਰੀਨਿੰਗ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਦੋ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਮਹਿਲਾ ਸੁਰੱਖਿਆ ਏਜੰਸੀ ਕਰਮਚਾਰੀ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਹਵਾਈ ਅੱਡੇ ’ਤੇ ਕੁਝ ਸਮੇਂ ਲਈ ਹੜਕੰਪ ਮਚ ਗਿਆ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ।
ਜਾਣਕਾਰੀ ਅਨੁਸਾਰ, ਇੱਕ ਸਾਬਕਾ ਸੈਨਿਕ ਆਪਣੀ ਪਤਨੀ ਨਾਲ ਏਅਰ ਇੰਡੀਆ ਦੀ ਉਡਾਣ ਰਾਹੀਂ ਵਾਰਾਣਸੀ ਤੋਂ ਮੁੰਬਈ ਜਾ ਰਿਹਾ ਸੀ। ਉਸ ਕੋਲ ਲਾਇਸੈਂਸੀ ਪਿਸਤੌਲ ਸੀ। ਹਥਿਆਰ ਨੂੰ ਹਵਾਈ ਯਾਤਰਾ ਦੌਰਾਨ ਨਾਲ ਲਿਜਾਣ ਲਈ ਉਸ ਨੇ ਨਿਯਮਾਂ ਅਨੁਸਾਰ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਵਾਈ ਹੋਈ ਸੀ। ਹਾਲਾਂਕਿ, ਹਥਿਆਰ ਦੀ ਸਕ੍ਰੀਨਿੰਗ ਦੌਰਾਨ ਪਿਸਤੌਲ ਲੋਡ ਹੋਣ ਕਾਰਨ ਅਚਾਨਕ ਗੋਲੀ ਚੱਲ ਗਈ।
ਦੱਸਿਆ ਜਾ ਰਿਹਾ ਹੈ ਕਿ ਗੋਲੀ ਪਹਿਲਾਂ ਫਰਸ਼ ਨਾਲ ਟਕਰਾਈ ਅਤੇ ਇਸ ਤੋਂ ਬਾਅਦ ਨੇੜੇ ਖੜ੍ਹੀ 27 ਸਾਲਾ ਮਹਿਲਾ ਸਕ੍ਰੀਨਰ ਸੁਮਨ ਨੂੰ ਲੱਗੀ। ਉਹ ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਗੋਲੀ ਲੱਗਣ ਕਾਰਨ ਉਸ ਦੀ ਸੱਜੀ ਲੱਤ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਡੂੰਘੇ ਜ਼ਖ਼ਮ ਹੋਏ ਹਨ। ਇਸੇ ਦੌਰਾਨ ਨੇੜੇ ਮੌਜੂਦ ਇੱਕ ਹੋਰ ਕਰਮਚਾਰੀ ਦੇ ਸੱਜੇ ਹੱਥ ਵਿੱਚ ਵੀ ਗੋਲੀ ਲੱਗ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਮੋਹਿਤ ਅਗਰਵਾਲ ਸਮੇਤ ਪੁਲਿਸ ਅਤੇ ਹੋਰ ਸੁਰੱਖਿਆ ਅਧਿਕਾਰੀ ਮੌਕੇ ’ਤੇ ਪਹੁੰਚੇ। ਜ਼ਖਮੀ ਕਰਮਚਾਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੱਖਿਆ ਏਜੰਸੀਆਂ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਨਿਯਮਾਂ ਅਨੁਸਾਰ ਹਵਾਈ ਯਾਤਰਾ ਲਈ ਲਿਜਾਏ ਜਾ ਰਹੇ ਲਾਇਸੈਂਸੀ ਹਥਿਆਰ ਦੀ ਸਕ੍ਰੀਨਿੰਗ ਦੌਰਾਨ ਉਹ ਲੋਡ ਹਾਲਤ ਵਿੱਚ ਕਿਵੇਂ ਰਹਿ ਗਿਆ? ਅਧਿਕਾਰੀ ਘਟਨਾ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕਰ ਰਹੇ ਹਨ।





