ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ; ਮੰਗਾਂ ਨੂੰ ਲੈ ਕੇ ਚੰਡੀਗੜ੍ਹ ‘ਚ ਲਾਉਣਗੇ ਮੋਰਚਾ
ਮੋਗਾ, 18 ਅਗਸਤ 2026
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਮਾਣੂੰਕੇ ਨੇ ਚਲਾਈ। ਇਸ ਦੌਰਾਨ 1 ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਮੋਰਚੇ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਅਤੇ ਰਵਿੰਦਰ ਸਿੰਘ ਮਾਣੂੰਕੇ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਟਰੈਕਟਰ-ਟਰਾਲੀਆਂ ਰਾਹੀਂ ਚੰਡੀਗੜ੍ਹ ਪਹੁੰਚੇਗਾ। ਉਨ੍ਹਾਂ ਕਿਹਾ ਕਿ ਮੋਰਚੇ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੁੜ ਯਾਦ ਕਰਵਾਇਆ ਜਾਵੇਗਾ।
ਮੀਟਿੰਗ ਦੌਰਾਨ ਮੋਹਨ ਸਿੰਘ ਜੀਂਦੜਾ ਅਤੇ ਪ੍ਰੀਤਮ ਸਿੰਘ ਬਾਘਾਪੁਰਾਣਾ ਨੇ ਕਿਸਾਨਾਂ ਦੀਆਂ ਮੋਟਰਾਂ ਦੀ ਮਾਲਕੀ ਸਬੰਧੀ ਸਮੱਸਿਆ ਉਠਾਈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਮੋਟਰ ਬਜ਼ੁਰਗ ਵੱਲੋਂ ਇੱਕ ਪੁੱਤਰ ਦੇ ਨਾਮ ਕਰਵਾਈ ਜਾਂਦੀ ਹੈ, ਜਦਕਿ ਪਰਿਵਾਰ ਵਿੱਚ ਦੋ ਜਾਂ ਤਿੰਨ ਪੁੱਤਰ ਹੋਣ ਕਾਰਨ ਬਾਅਦ ਵਿੱਚ ਵੰਡ ਨੂੰ ਲੈ ਕੇ ਵਿਵਾਦ ਪੈਦਾ ਹੋ ਸਕਦਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੋਟਰ ਵਿੱਚ ਸਾਰੇ ਪੁੱਤਰਾਂ ਦਾ ਬਰਾਬਰ ਹਿੱਸਾ ਦਰਜ ਕਰਨ ਜਾਂ ਇੱਕ ਵਟਾ ਦੋ ਤਕਸੀਮ ਦੀ ਵਿਵਸਥਾ ਤੁਰੰਤ ਲਾਗੂ ਕੀਤੀ ਜਾਵੇ, ਤਾਂ ਜੋ ਕਿਸਾਨ ਪਰਿਵਾਰਾਂ ਵਿੱਚ ਆਪਸੀ ਝਗੜਿਆਂ ਤੋਂ ਬਚਾਅ ਹੋ ਸਕੇ।





