- ਦੂਜੇ ਦਿਨ ਵੀ ਕਲਮਛੋੜ ਹੜਤਾਲ ਦਾ ਵਿਆਪਕ ਅਸਰ, ਸਰਕਾਰੀ ਦਫ਼ਤਰਾਂ ਵਿੱਚ ਪੱਸਰਿਆ ਸੰਨਾਟਾ
ਸ਼੍ਰੀ ਮੁਕਤਸਰ ਸਾਹਿਬ, 18 ਅਗਸਤ (ਦੇਸ਼ ਕਲਿੱਕ ਬਿਊਰੋ) – ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਮਨਿਸਟਰੀਅਲ ਕਾਮਿਆਂ ਵੱਲੋਂ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦੇ ਚਲਦਿਆਂ ਦੂਸਰੇ ਦਿਨ ਵੀ ਸਰਕਾਰੀ ਦਫ਼ਤਰਾਂ ਦੇ ਵਿਹੜੇ ਚਹਿਲ ਪਹਿਲ ਤੋਂ ਸੱਖਣੇ ਰਹੇ। ਪੰਜਾਬ ਰਾਜ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੇ ਰੋਸ ਵਜੋਂ ਇਹ ਕਲਮਛੋੜ ਹੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਰਕਾਰ ਨੂੰ 15 ਅਗਸਤ ਤੱਕ ਮਨਿਸਟਰੀਅਲ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਅਲਟੀਮੇਟਮ ਦਿੱਤਾ ਗਿਆ ਸੀ, ਇਸ ਤੋਂ ਇਲਾਵਾ ਪਿਛਲੇ ਹਫ਼ਤੇ ਦੌਰਾਨ ਜਿੱਥੇ ਸਰਕਾਰ ਦੇ ਵਿੱਤ ਮੰਤਰੀ ਦਾ ਅਰਥੀ ਫੂਕ ਮੂਜਾਹਰਾ ਕੀਤਾ ਗਿਆ ਸੀ, ਉੱਥੇ ਹੱਥਾਂ ਵਿੱਚ ਤਿਰੰਗੇ ਝੰਡੇ ਫੜ੍ਹ ਕੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਆਪਣਾ ਰੋਸ ਦਰਜ ਕਰਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਯਤਨ ਕੀਤਾ ਗਿਆ ਸੀ।
ਆਗੂਆਂ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮ ਮੰਗਾਂ ਪ੍ਰਤੀ ਆਪਣੀਆਂ ਅੱਖਾਂ ਬਿਲਕੁਲ ਹੀ ਮੀਟ ਲਈਆਂ ਹਨ, ਜਿਸਦੇ ਚਲਦਿਆਂ ਨਾ ਤਾਂ ਸਰਕਾਰ ਜਥੇਬੰਦੀਆਂ ਦੀ ਗੱਲ ਸੁਣਨ ਨੂੰ ਤਿਆਰ ਹੈ ਅਤੇ ਨਾ ਹੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਹਿੰਗਾਈ ਭੱਤੇ ਦੇ ਫੈਸਲੇ ਨੂੰ ਲਾਗੂ ਕਰਨ ਲਈ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸਦੀ ਬੁਨਿਆਦ ਹੀ ਸੰਘਰਸ਼ ਵਿੱਚੋਂ ਬਣੀ ਹੈ, ਉਹ ਅੱਜ ਸੰਘਰਸ਼ ਕਰਨ ਵਾਲੇ ਜੁਝਾਰੂ ਕਾਮਿਆਂ ਨੂੰ ਐਂਟੀ ਸਟੇਟ ਦੱਸ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜਿਹੜੇ ਲੀਡਰ ਕਰਮਚਾਰੀਆਂ ਦੇ ਨਾਲ ਧਰਨਿਆਂ ਵਿੱਚ ਸ਼ਮੂਲੀਅਤ ਕਰਦੇ ਸਨ, ਸਰਕਾਰ ਨੂੰ ਆਪਣੀਆਂ ਲੈਟਰ ਪੈਡਾਂ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਪੂਰਾ ਕਰਨ ਦੀ ਸਿਫਾਰਸ਼ ਕਰਦੇ ਸਨ, ਅੱਜ ਉਹ ਲੀਡਰ ਹੀ ਮੁਲਾਜ਼ਮਾਂ ਨੂੰ ਹਰ ਮੰਚ ਤੇ ਭੰਡਨ ਲੱਗੇ ਹੋਏ ਹਨ ਜਦਕਿ ਇਨ੍ਹਾਂ ਮੁਲਾਜ਼ਮਾਂ ਵੱਲੋਂ ਹੀ 2022 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਵੱਡਾ ਫ਼ਤਵਾ ਦੇ ਕੇ ਸੱਤਾ ਵਿੱਚ ਲਿਆਂਦਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਨੇ ਸਰਕਾਰ ਨਾਲ ਟੱਕਰ ਲੈਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ 27 ਅਗਸਤ ਨੂੰ ਹੋਣ ਵਾਲਾ ਮਹਾਂਬੰਦ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਵੇਗਾ, ਕਿਉਂਕਿ ਇਸ ਦਿਨ ਸਰਕਾਰ ਦੀ ਪੂਰੀ ਮਸ਼ੀਨਰੀ ਨੂੰ ਮੁਕੰਮਲ ਠੱਪ ਕੀਤਾ ਜਾਵੇਗਾ, ਫਿਰ ਚਾਹੇ ਉਹ ਸਰਕਾਰੀ ਦਫ਼ਤਰ ਹੋਣ, ਰੋਡਵੇਜ਼ ਵਿਭਾਗ ਹੋਵੇ, ਸਿੱਖਿਆ ਵਿਭਾਗ ਜਾਂ ਹੋਰ ਬਹੁਤ ਸਾਰੇ ਵਿਭਾਗ। ਆਗੂਆਂ ਨੇ ਦੱਸਿਆ ਕਿ ਕਲਮਛੋੜ ਹੜਤਾਲ ਸਬੰਧੀ ਅਗਲਾ ਫੈਸਲਾ ਅੱਜ ਮਿਤੀ 18 ਅਗਸਤ ਨੂੰ ਸ਼ਾਮ ਨੂੰ ਸਟੇਟ ਬਾਡੀ ਵੱਲੋਂ ਵਰਚੂਅਲ ਮੀਟਿੰਗ ਕਰਕੇ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਸੁਪਰਡੰਟ, ਗੁਰਮੀਤ ਪਾਲ ਰੀਡਰ, ਸਤੀਸ਼ ਕੁਮਾਰ, ਜਗਪ੍ਰੀਤ ਸਿੰਘ, ਹਰੀਸ਼ ਕੁਮਾਰ, ਲਵਪ੍ਰੀਤ ਸਿੰਘ, ਜਸਵੀਰ ਕੌਰ, ਰੁਪਾਲੀ, ਸੁਖਪਾਲ ਕੌਰ, ਨਵਨੀਤ ਬਾਲਾ, ਅਮੀਸ਼ਾ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।





