ਲੁਧਿਆਣਾ ਤੋਂ ਵੱਡੀ ਖ਼ਬਰ: ਪੀਜ਼ਾ ਆਊਟਲੈੱਟ ’ਤੇ ਤਾਬੜਤੋੜ ਗੋਲੀਬਾਰੀ
ਲੁਧਿਆਣਾ, 19 ਅਗਸਤ 2026-
ਲੁਧਿਆਣਾ ਦੇ ਪੌਸ਼ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਪੀਜ਼ਾ ਆਊਟਲੈੱਟ ’ਤੇ ਹੋਈ ਗੋਲੀਬਾਰੀ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਹਥਿਆਰਬੰਦ ਹਮਲਾਵਰ ਆਊਟਲੈੱਟ ਦੇ ਅੰਦਰ ਦਾਖ਼ਲ ਹੋਏ ਅਤੇ ਕੁਝ ਹੀ ਪਲਾਂ ਵਿੱਚ ਲਗਾਤਾਰ ਤਿੰਨ ਗੋਲੀਆਂ ਚਲਾ ਕੇ ਉਥੋਂ ਫ਼ਰਾਰ ਹੋ ਗਏ।
ਸਾਰੀ ਘਟਨਾ ਆਊਟਲੈੱਟ ਵਿੱਚ ਲੱਗੇ ਨਿਗਰਾਨੀ ਕੈਮਰਿਆਂ ਵਿੱਚ ਦਰਜ ਹੋ ਗਈ ਹੈ। ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓ ਦੇ ਆਧਾਰ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਭਾਲ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਇੰਸਟਾਗ੍ਰਾਮ ’ਤੇ ‘ਗੋਪੀ ਲਹੌਰੀਆ ਗਰੁੱਪ’ ਨਾਮ ਦੇ ਇੱਕ ਪੰਨੇ ਵੱਲੋਂ ਕਥਿਤ ਤੌਰ ’ਤੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਪੰਨੇ ’ਤੇ ਪਾਈ ਗਈ ਕਥਿਤ ਪੋਸਟ ਵਿੱਚ ਪੀਜ਼ਾ ਆਊਟਲੈੱਟ ਸਬੰਧੀ ਧਮਕੀ ਭਰੇ ਸ਼ਬਦ ਵੀ ਵਰਤੇ ਗਏ ਹਨ।
ਪੁਲਿਸ ਹੁਣ ਗੋਲੀਬਾਰੀ ਦੀ ਘਟਨਾ ਅਤੇ ਸੋਸ਼ਲ ਮੀਡੀਆ ’ਤੇ ਕੀਤੇ ਗਏ ਦਾਅਵੇ ਨੂੰ ਆਪਸ ਵਿੱਚ ਜੋੜ ਕੇ ਜਾਂਚ ਕਰ ਰਹੀ ਹੈ। ਅਧਿਕਾਰੀਆਂ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ ’ਤੇ ਪੋਸਟ ਪਾਉਣ ਵਾਲੇ ਵਿਅਕਤੀਆਂ ਦਾ ਘਟਨਾ ਨਾਲ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ। ਘਟਨਾ ਤੋਂ ਬਾਅਦ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ।





