- ਸੀ.ਪੀ.ਐਫ. ਕਾਮਿਆਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ
- ਪੁਰਾਣੀ ਪੈਨਸ਼ਨ ਸਕੀਮ ਦੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਨੇ ਫੜ੍ਹਿਆ ਜ਼ੋਰ
ਸ਼੍ਰੀ ਮੁਕਤਸਰ ਸਾਹਿਬ, 19 ਅਗਸਤ (ਦੇਸ਼ ਕਲਿੱਕ ਬਿਊਰੋ) – ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੀ.ਪੀ.ਐਫ. ਕਰਮਚਾਰੀ ਯੂਨੀਅਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸਦੀ ਲੜੀ ਤਹਿਤ 23 ਅਗਸਤ ਦਿਨ ਐਤਵਾਰ ਨੂੰ ਪੰਜਾਬ ਦੇ ਸਮੂਹ ਸੀ.ਪੀ.ਐਫ. ਕਰਮਚਾਰੀ ਪਿੰਡ ਸਤੌਜ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਹਨ। ਕਿਉਂਕਿ ਮੁੱਖ ਮੰਤਰੀ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਕਰਨ ਦੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਇਸਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੀਪਕ ਕੁਮਾਰ ਸੋਨੀ ਅਤੇ ਜਨਰਲ ਸਕੱਤਰ ਤਲਵਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸੀ.ਪੀ.ਐਫ. ਕਰਮਚਾਰੀਆਂ ਨਾਲ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਬਕਾਇਦਾ ਇਸਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਗਰੰਟੀ ਦੇ ਰੂਪ ਵਿੱਚ ਵੀ ਅੰਕਿਤ ਕੀਤਾ ਗਿਆ ਸੀ। ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਦਾ 4 ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਸਕੀਮ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇੱਕ ਕਰਮਚਾਰੀ ਜੋ ਕਿ ਆਪਣੀ ਜ਼ਿੰਦਗੀ ਦੇ 35 ਤੋਂ 40 ਸਾਲ ਸਰਕਾਰੀ ਸੇਵਾ ਵਿੱਚ ਲਗਾਉਂਦਾ ਹੈ ਪ੍ਰੰਤੂ ਰਿਟਾਇਰਮੈਂਟ ਸਮੇਂ ਉਸਨੂੰ ਨਵੀਂ ਪੈਨਸ਼ਨ ਸਕੀਮ ਦੇ ਰੂਪ ਵਿੱਚ ਬਹੁਤ ਹੀ ਨਿਗੂਣੀ ਪੈਨਸ਼ਨ ਦਿੱਤੀ ਜਾਂਦੀ ਹੈ, ਜਿਸ ਨਾਲ ਉਸਦੇ ਘਰ ਦਾ ਗੁਜਾਰਾ ਤਾਂ ਦੂਰ ਦੀ ਗੱਲ ਹੈ, ਆਪਣੀ ਦਵਾਈ ਬੂਟੀ ਦਾ ਖਰਚਾ ਵੀ ਪੂਰਾ ਨਹੀਂ ਕਰ ਸਕਦਾ। ਦੂਸਰੇ ਪਾਸੇ ਇੱਕ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ 5 ਸਾਲ ਲਈ ਚੁਣੇ ਜਾਣ ਤਾਂ ਉਨ੍ਹਾਂ ਨੂੰ ਪੈਨਸ਼ਨ ਦੇ ਪੂਰੇ ਲਾਭ ਦਿੱਤੇ ਜਾਂਦੇ ਹਨ। ਇੱਥੋਂ ਤੱਕ ਕਿ ਜੇਕਰ ਵਾਰ ਦੂਸਰੀ, ਤੀਸਰੀ ਜਾਂ ਇਸਤੋਂ ਵੱਧ ਜਿੰਨੀ ਵਾਰ ਜਿੱਤਣਗੇ, ਉਨ੍ਹਾਂ ਨੂੰ ਓਨੀ ਹੀ ਪੈਨਸ਼ਨ ਵੱਧ ਦਿੱਤੀ ਜਾਂਦੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਦੀਆ ਇਨ੍ਹਾਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ 23 ਨੂੰ ਪਿੰਡ ਸਤੌਜ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਸਾਰੇ ਕਰਮਚਾਰੀਆਂ ਵਿੱਚ ਪੂਰਾ ਜੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਦੀ ਸਤੌਜ ਰੈਲੀ ਵਿੱਚ ਲਾਮਿਸਾਲ ਇਕੱਠ ਹੋਵੇਗਾ, ਕਿਉਂਕਿ ਸੀ.ਪੀ.ਐਫ. ਕਰਮਚਾਰੀਆਂ ਦੇ ਇਸ ਸੰਘਰਸ਼ ਵਿੱਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿੱਚ ਸੀ.ਪੀ.ਐਫ. ਅਤੇ ਜੀ.ਪੀ.ਐਫ. ਕਰਮਚਾਰੀ ਹਾਜ਼ਰ ਸਨ।





