- ਕੈਨੇਡਾ ਭੇਜਣ ਦੇ ਨਾਮ ‘ਤੇ ਨੌਜਵਾਨ ਨਾਲ ਠੱਗੀ, ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ
ਸ੍ਰੀ ਚਮਕੌਰ ਸਾਹਿਬ / ਮੋਰਿੰਡਾ 19 ਅਗਸਤ (ਭਟੋਆ): ਸ੍ਰੀ ਚਮਕੌਰ ਸਾਹਿਬ ਦੀ ਪੁਲਿਸ ਵੱਲੋਂ ਪਿੰਡ ਮੁੰਡੀਆਂ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 12 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋ ਇਹ ਕਾਰਵਾਈ ਹਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ, ਵਾਸੀ ਪਿੰਡ ਮੁੰਡੀਆਂ, ਤਹਿਸੀਲ ਸ੍ਰੀ ਚਮਕੌਰ ਸਾਹਿਬ (ਜ਼ਿਲ੍ਹਾ ਰੂਪਨਗਰ) ਵੱਲੋ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਦਿੱਤੀ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਕੀਤੀ ਗਈ ਹੈ।
ਥਾਣਾ ਇੰਚਾਰਜ ਐੱਸ.ਆਈ. ਸੋਹਣ ਲਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਸ਼ਿਕਾਇਤਕਰਤਾ ਹਰਵਿੰਦਰ ਸਿੰਘ ਨੇ ਐਸਐਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਗ੍ਰੈਜੂਏਟ ਲੜਕੇ ਇੰਦਰਜੀਤ ਸਿੰਘ ਨੂੰ ਵਿਦੇਸ਼ ਕੈਨੇਡਾ ਭੇਜਣਾ ਚਾਹੁੰਦਾ ਸੀ। ਇਸੇ ਦੌਰਾਨ ਮਈ 2025 ਵਿੱਚ ਉਸ ਦੀ ਮੁਲਾਕਾਤ ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਜਾਣਕਾਰ ਰਾਹੀਂ ਗੁਰਜੀਤ ਸਿੰਘ ਪੁੱਤਰ ਜਗਤਾਰ ਸਿੰਘ, ਵਾਸੀ ਵੀ.ਆਈ.ਪੀ. ਕਲੋਨੀ, ਬਸਤੀ ਪੀਰਦਾਦ, ਜਲੰਧਰ ਨਾਲ ਹੋਈ। ਗੁਰਜੀਤ ਸਿੰਘ ਨੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਏਜੰਟ ਦੱਸਦਿਆਂ ਆਪਣੀ ਏਜੰਸੀ ਦਾ ਨਾਮ ‘ਟਿਕਟ-2 ਵਰਲਡ ਟਰੈਵਲ ਏਜੰਸੀ, ਜਲੰਧਰ’ ਦੱਸਿਆ ਅਤੇ ਉਸ ਦੇ ਮੁੰਡੇ ਨੂੰ ਕੈਨੇਡਾ ਭੇਜਣ ਲਈ 13,75,000 ਰੁਪਏ ਵਿੱਚ ਸੌਦਾ ਤੈਅ ਹੋਇਆ , ਜਿਸ ਸਬੰਧੀ 28 ਮਈ 2025 ਨੂੰ ਲਿਖਤੀ ਇਕਰਾਰਨਾਮਾ ਕੀਤਾ ਗਿਆ। ਇਸ ਇਕਰਾਰਨਾਮੇ ਦੇ ਆਧਾਰ ‘ਤੇ ਹਰਵਿੰਦਰ ਸਿੰਘ ਨੇ 4 ਲੱਖ ਰੁਪਏ ਬੈਂਕ ਖਾਤੇ ਰਾਹੀਂ ਅਤੇ 4,75,000 ਰੁਪਏ ਨਗਦ ਦਿੱਤੇ। ਬਾਅਦ ਵਿੱਚ ਗੂਗਲ ਪੇਅ ਰਾਹੀਂ ਅਤੇ ਨਗਦ 4 ਲੱਖ ਰੁਪਏ ਹੋਰ ਦੇ ਦਿੱਤੇ ਗਏ, ਜਿਸ ਨਾਲ ਕੁੱਲ 12,75,000 ਰੁਪਏ ਦੀ ਰਕਮ ਏਜੰਟ ਨੂੰ ਅਦਾ ਕਰ ਦਿੱਤੀ ਗਈ। ਇਸ ਤੋਂ ਇਲਾਵਾ ਏਜੰਟ ਨੇ ਸਕਿਉਰਟੀ ਦੇ ਤੌਰ ‘ਤੇ ਸ਼ਿਕਾਇਤਕਰਤਾ ਦਾ ਬੈਂਕ ਚੈੱਕ ਅਤੇ ਨੌਜਵਾਨ ਦਾ ਅਸਲ ਪਾਸਪੋਰਟ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸਕਿਉਰਟੀ ਵਜੋ ਇੱਕ ਚੈੱਕ ਗੁਰਜੀਤ ਸਿੰਘ ਵੱਲੋ ਹਰਵਿੰਦਰ ਸਿੰਘ ਨੂੰ ਵੀ ਦਿੱਤਾ ਗਿਆ, ਪ੍ਰੰਤੂ ਨਿਰਧਾਰਤ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਏਜੰਟ ਵੱਲੋਂ ਨਾ ਤਾਂ ਉਸ ਦੇ ਲੜਕੇ ਇੰਦਰਜੀਤ ਸਿੰਘ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸਗੋ ਜਦੋਂ ਉਸ ਵੱਲੋ ਆਪਣੇ ਪੈਸੇ ਅਤੇ ਲੜਕੇ ਦਾ ਪਾਸਪੋਰਟ ਮੰਗੇ ਗਏ ਤਾਂ ਗੁਰਜੀਤ ਸਿੰਘ ਟਾਲ-ਮਟੋਲ ਕਰਨ ਲੱਗ ਪਿਆ।
ਥਾਣਾ ਇੰਚਾਰਜ ਐੱਸ.ਆਈ. ਸੋਹਣ ਲਾਲ ਅਨੁਸਾਰ ਹਰਵਿੰਦਰ ਸਿੰਘ ਵੱਲੋ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਐਸਐਚਓ ਸਾਈਬਰ ਕਰਾਈਮ ਰੂਪਨਗਰ ਵੱਲੋਂ ਕੀਤੀ ਗਈ। ਜਿਨਾ ਆਪਣੀ ਰਿਪੋਰਟ ਵਿੱਚ ਕਿਹਾ ਕਿ ਟਰੈਵਲ ਏਜੰਟ ਗੁਰਜੀਤ ਸਿੰਘ ਨੇ ਹਰਵਿੰਦਰ ਸਿੰਘ ਦੇ ਲੜਕੇ ਇੰਦਰਜੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਨਾ ਨਾਲ 12,75000/- ਰੁਪਏ ਦੀ ਠੱਗੀ ਮਾਰੀ ਹੈ।ਇਸ ਜਾਂਚ ਰਿਪੋਰਟ ਦੇ ਆਧਾਰ ‘ਤੇ ਸੀਨੀਅਰ ਪੁਲਿਸ ਕਪਤਾਨ , ਰੂਪਨਗਰ ਦੀ ਮੰਜ਼ੂਰੀ ਤੋਂ ਬਾਅਦ, ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਦੋਸ਼ੀ ਗੁਰਜੀਤ ਸਿੰਘ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀ ਧਾਰਾ 316(2), 318(4) ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ (ਰੈਗੂਲੇਸ਼ਨ) ਐਕਟ 2014 ਦੀ ਧਾਰਾ 13 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਤਫ਼ਤੀਸ਼ ਉੱਪ ਕਪਤਾਨ ਪੁਲਿਸ , ਮਨਜੀਤ ਸਿੰਘ ਔਲਖ ਵੱਲੋਂ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।





