SSC ਪ੍ਰੀਖਿਆ ’ਚ AIR-2 ਹਾਸਲ ਕਰਕੇ ਰਿਧਮ ਪਠਾਨੀਆ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ!
ਖੰਨਾ, 21 ਅਗਸਤ 2026- ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਦੀ ਹੋਣਹਾਰ ਧੀ ਰਿਧਮ ਪਠਾਨੀਆ (Ridham Pathania) ਨੂੰ ਸ਼ਾਰਟ ਸਰਵਿਸ ਕਮਿਸ਼ਨ (ਐਸ.ਐਸ.ਸੀ.) ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਦੂਜਾ ਰੈਂਕ (AIR-2) ਹਾਸਲ ਕਰਨ ’ਤੇ ਤਹਿ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਿਧਮ ਦੀ ਇਹ ਮਾਣਮੱਤੀ ਪ੍ਰਾਪਤੀ ਨਾ ਸਿਰਫ਼ ਉਸਦੇ ਪਰਿਵਾਰ, ਸਗੋਂ ਪੂਰੇ ਖੰਨਾ ਸ਼ਹਿਰ ਅਤੇ ਪੰਜਾਬ ਲਈ ਮਾਣ ਤੇ ਗੌਰਵ ਦਾ ਵਿਸ਼ਾ ਹੈ।
ਸੌਂਦ ਨੇ ਕਿਹਾ ਕਿ ਰਿਧਮ ਪਠਾਨੀਆ ਨੇ ਆਪਣੀ ਸਖ਼ਤ ਮਿਹਨਤ, ਲਗਨ, ਦ੍ਰਿੜ੍ਹ ਇਰਾਦੇ ਅਤੇ ਕਾਬਲੀਅਤ ਦੇ ਬਲਬੂਤੇ ’ਤੇ ਦੇਸ਼ ਪੱਧਰ ’ਤੇ ਇਹ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਕਾਰੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਨਾ ਕੋਈ ਆਮ ਉਪਲਬਧੀ ਨਹੀਂ ਹੈ। ਇਹ ਸਫਲਤਾ ਰਿਧਮ ਦੀ ਮਿਹਨਤ ਅਤੇ ਆਪਣੇ ਟੀਚੇ ਪ੍ਰਤੀ ਉਸਦੀ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨੂੰ ਦਰਸਾਉਂਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਰਿਧਮ ਪਠਾਨੀਆ ਦੀ ਇਹ ਪ੍ਰਾਪਤੀ ਪੰਜਾਬ ਦੀਆਂ ਹੋਰਨਾਂ ਧੀਆਂ ਲਈ ਵੀ ਵੱਡੀ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਰਿਧਮ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੌਂਸਲੇ ਬੁਲੰਦ ਹੋਣ, ਮਿਹਨਤ ਪ੍ਰਤੀ ਸਮਰਪਣ ਹੋਵੇ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਰਹਿੰਦੀ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀਆਂ ਧੀਆਂ ਸਿੱਖਿਆ, ਪ੍ਰਸ਼ਾਸਨ, ਖੇਡਾਂ, ਰੱਖਿਆ ਅਤੇ ਹੋਰਨਾਂ ਖੇਤਰਾਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ। ਰਿਧਮ ਦੀ ਸਫਲਤਾ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦੀਆਂ ਧੀਆਂ ਦੇਸ਼ ਪੱਧਰੀ ਮੁਕਾਬਲਿਆਂ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਨ ਅਤੇ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਦੀ ਸਮਰੱਥਾ ਰੱਖਦੀਆਂ ਹਨ।
ਸੌਂਦ ਨੇ ਪਠਾਨੀਆ ਪਰਿਵਾਰ ਨੂੰ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਿਧਮ ਦੀ ਸਫਲਤਾ ਪਿੱਛੇ ਉਸਦੇ ਮਾਪਿਆਂ ਅਤੇ ਪਰਿਵਾਰ ਵੱਲੋਂ ਮਿਲੀ ਹੌਸਲਾ-ਅਫ਼ਜ਼ਾਈ, ਸਹਿਯੋਗ ਅਤੇ ਮਾਰਗਦਰਸ਼ਨ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸਹਿਯੋਗ ਅਤੇ ਨੌਜਵਾਨਾਂ ਦੀ ਆਪਣੀ ਮਿਹਨਤ ਮਿਲ ਕੇ ਵੱਡੀਆਂ ਉਪਲਬਧੀਆਂ ਦਾ ਰਾਹ ਖੋਲ੍ਹਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਰਿਧਮ ਦੀ ਇਹ ਉਪਲਬਧੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਅੱਗੇ ਵਧਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾ ਸਿਰਫ਼ ਪਰਿਵਾਰ ਦਾ ਮਾਣ ਵਧਾਉਂਦੀਆਂ ਹਨ, ਬਲਕਿ ਪੂਰੇ ਸਮਾਜ ਵਿੱਚ ਨਵੀਂ ਉਮੀਦ ਅਤੇ ਉਤਸ਼ਾਹ ਵੀ ਪੈਦਾ ਕਰਦੀਆਂ ਹਨ।
ਅੰਤ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਰਿਧਮ ਪਠਾਨੀਆ ਦਿਨ-ਦੁਗਣੀ ਅਤੇ ਰਾਤ-ਚੌਗੁਣੀ ਤਰੱਕੀ ਕਰੇ ਅਤੇ ਭਵਿੱਖ ਵਿੱਚ ਵੀ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਦੇਸ਼ ਅਤੇ ਪੰਜਾਬ ਦਾ ਨਾਮ ਹੋਰ ਰੌਸ਼ਨ ਕਰਦੀ ਰਹੇ।





