Mohali Breaking: ਬਿਲਡਰ ਦੇ ਦਫ਼ਤਰ ਬਾਹਰ ਤਾਬੜਤੋੜ ਫਾਇਰਿੰਗ, 5 ਕਰੋੜ ਦੀ ਰੰਗਦਾਰੀ ਨਾ ਦੇਣ ’ਤੇ ਮਿਲ ਰਹੀਆਂ ਸਨ ਧਮਕੀਆਂ
ਮੋਹਾਲੀ, 21 ਅਗਸਤ 2026: ਮੋਹਾਲੀ ਦੇ ਜੀਰਕਪੁਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬਿਲਡਰ ਦੇ ਦਫ਼ਤਰ ਦੇ ਬਾਹਰ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮੁੱਢਲੀ ਜਾਣਕਾਰੀ ਮੁਤਾਬਕ ਦੋ ਹਥਿਆਰਬੰਦ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਬਿਲਡਰ ਦੇ ਪ੍ਰਾਜੈਕਟ ਦੇ ਗੇਟ ’ਤੇ ਪਹੁੰਚੇ ਅਤੇ ਕਰੀਬ ਤਿੰਨ ਰਾਊਂਡ ਫਾਇਰ ਕਰਕੇ ਫਰਾਰ ਹੋ ਗਏ। ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਸ਼ੱਕੀ ਵਿਅਕਤੀ ਬਾਈਕ ’ਤੇ ਆਉਂਦੇ ਅਤੇ ਇੱਕ ਵਿਅਕਤੀ ਵੱਲੋਂ ਗੇਟ ਵੱਲ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਫਾਇਰਿੰਗ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਬਿਲਡਰ ਨੂੰ ਪਿਛਲੇ ਸਮੇਂ ਤੋਂ ਕਥਿਤ ਤੌਰ ’ਤੇ 5 ਕਰੋੜ ਰੁਪਏ ਦੀ ਰੰਗਦਾਰੀ ਦੇਣ ਲਈ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ ਇਸ ਧਮਕੀ ਅਤੇ ਅੱਜ ਦੀ ਫਾਇਰਿੰਗ ਵਿਚਕਾਰ ਸਬੰਧਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋਣੀ ਬਾਕੀ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।





