ਵੱਡੀ ਖ਼ਬਰ: ਮੁੱਖ ਮੰਤਰੀ ਦਾ ਕਾਫ਼ਲਾ ਰੋਕਣ ਦੇ ਦੋਸ਼ ਹੇਠ ਕਾਂਗਰਸੀ ਆਗੂ ਗ੍ਰਿਫ਼ਤਾਰ
ਤਿਰੂਵਨੰਤਪੁਰਮ, 30 ਅਗਸਤ 2026
ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਦਾ ਕਾਫ਼ਲਾ ਰੋਕਣ ਦੇ ਦੋਸ਼ ਹੇਠ ਕਾਂਗਰਸ ਦੇ ਤਿਰੂਵਨੰਤਪੁਰਮ ਜ਼ਿਲ੍ਹਾ ਕਾਂਗਰਸ ਕਮੇਟੀ (DCC) ਆਗੂ ਅਨਿਲ ਕੁਮਾਰ ਉਰਫ਼ ਚੇਂਥੀ ਅਨੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਉਸ ਸਮੇਂ ਵਾਪਰੀ, ਜਦੋਂ ਮੁੱਖ ਮੰਤਰੀ, ਸ੍ਰੀ ਨਾਰਾਇਣ ਗੁਰੂ ਦੀ ਜੈਅੰਤੀ ਸਬੰਧੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਚੇਮਪਾਝੰਥੀ ਜਾ ਰਹੇ ਸਨ।
ਪੁਲਿਸ ਮੁਤਾਬਕ ਚੇਂਥੀ ਵਿਖੇ ਇੱਕ ਹੋਰ ਸਮਾਗਮ ਕਰਵਾ ਰਹੇ ਲੋਕਾਂ ਨੇ ਮੁੱਖ ਮੰਤਰੀ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਸਤੀਸ਼ਨ ਗੱਡੀ ਤੋਂ ਬਾਹਰ ਆਏ, ਜਿਸ ਦੌਰਾਨ ਉਨ੍ਹਾਂ ਦੀ ਅਨਿਲ ਕੁਮਾਰ ਨਾਲ ਤਕਰਾਰ ਹੋ ਗਈ। FIR ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਨਿਲ ਨੇ ਮੁੱਖ ਮੰਤਰੀ ਨੂੰ ਕਥਿਤ ਤੌਰ ’ਤੇ ਗੁੱਸੇ ਭਰੇ ਲਹਿਜ਼ੇ ਵਿੱਚ ਸਵਾਲ ਕੀਤੇ ਅਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵਿੱਚ ਵੀ ਰੁਕਾਵਟ ਪਾਈ।
ਪੁਲਿਸ ਨੇ ਮਾਮਲਾ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 126(2), 351(2) ਅਤੇ 132 ਤਹਿਤ ਦਰਜ ਕੀਤਾ ਹੈ। ਪੁਲਿਸ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਕਾਂਗਰਸ ਨੇ ਅਨਿਲ ਕੁਮਾਰ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰਦਿਆਂ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ।






