CM ਮਾਨ ਦੀ ਕੇਜਰੀਵਾਲ, ਸਿਸੋਦੀਆ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਮੁਲਾਕਾਤ, ਪੰਜਾਬ ਦੀ ਖੁਸ਼ਹਾਲੀ ਤੇ ਸ਼ਾਂਤੀ ਲਈ ਕੀਤੀ ਵਿਚਾਰ-ਚਰਚਾ
ਬੈਂਗਲੁਰੂ, 30 ਅਗਸਤ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਬੈਂਗਲੁਰੂ ਸਥਿਤ ‘ਆਰਟ ਆਫ ਲਿਵਿੰਗ’ ਇੰਟਰਨੈਸ਼ਨਲ ਸੈਂਟਰ ਵਿਖੇ ਅਧਿਆਤਮਿਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਦੌਰਾਨ ਆਧੁਨਿਕ ਜੀਵਨਸ਼ੈਲੀ, ਅਧਿਆਤਮ, ਮਨੋਵਿਗਿਆਨ, ਸਮਾਜ ਭਲਾਈ, ਸਿੱਖਿਆ, ਮਾਨਸਿਕ ਸ਼ਾਂਤੀ ਅਤੇ ਸਮਾਜਿਕ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਵਰਗੇ ਅਹਿਮ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੁਲਾਕਾਤ ਨੂੰ ਸਮਾਜ ਵਿੱਚ ਸਕਾਰਾਤਮਕ ਬਦਲਾਅ ਅਤੇ ਲੋਕ ਭਲਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਰਥਕ ਮੁਲਾਕਾਤ ਦੌਰਾਨ ਪੰਜਾਬ ਸਮੇਤ ਪੂਰੇ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਕਾਮਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲ ਰਹੇ ਜੀਵਨ ਵਿੱਚ ਮਾਨਸਿਕ ਸ਼ਾਂਤੀ, ਆਪਸੀ ਸਦਭਾਵਨਾ ਅਤੇ ਸਮਾਜਿਕ ਭਾਈਚਾਰੇ ਦੀ ਮਹੱਤਤਾ ਹੋਰ ਵਧ ਗਈ ਹੈ।
‘ਆਰਟ ਆਫ ਲਿਵਿੰਗ’ ਆਸ਼ਰਮ ਵਿੱਚ ਹੋਈ ਇਸ ਮੁਲਾਕਾਤ ਦੌਰਾਨ ‘ਆਪ’ ਦੇ ਸਿਖਰਲੇ ਆਗੂਆਂ ਦੀ ਸ਼ਮੂਲੀਅਤ ਨੇ ਇਸ ਨੂੰ ਵਿਸ਼ੇਸ਼ ਮਹੱਤਤਾ ਦਿੱਤੀ। ਆਧਿਆਤਮ ਅਤੇ ਸਮਾਜ ਭਲਾਈ ਨਾਲ ਜੁੜੇ ਮੁੱਦਿਆਂ ’ਤੇ ਹੋਈ ਇਸ ਚਰਚਾ ਨੂੰ ਪੰਜਾਬ ਅਤੇ ਦੇਸ਼ ਵਿੱਚ ਸ਼ਾਂਤੀ ਤੇ ਸਕਾਰਾਤਮਕ ਮਾਹੌਲ ਨੂੰ ਉਤਸ਼ਾਹਿਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।






