ਜਸਬੀਰ ਗੜ੍ਹੀ ਨੇ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਸ਼ਿਵ ਮੰਦਰ ਵਿਖੇ ਟੇਕਿਆ ਮੱਥਾ

Top Trending News ਪੰਜਾਬ

  • ਜਸਬੀਰ ਗੜ੍ਹੀ ਨੇ ਹਲਕਾ ਇੰਚਾਰਜ ਨਿਯੁਕਤ ਹੋਣ ਤੋਂ ਬਾਅਦ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਸ਼ਿਵ ਮੰਦਰ ਵਿਖੇ ਟੇਕਿਆ ਮੱਥਾ
  • 2027 ਲਈ ਦਿੱਤਾ ਦਾਅਵਾ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ 30 ਅਗਸਤ (ਭਟੋਆ): ਆਮ ਆਦਮੀ ਪਾਰਟੀ (ਆਪ) ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਨਵੇਂ ਨਿਯੁਕਤ ਕੀਤੇ ਗਏ ਹਲਕਾ ਇੰਚਾਰਜ ਸ੍ਰੀ ਜਸਬੀਰ ਸਿੰਘ ਗੜ੍ਹੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਤੋ ਪਹਿਲਾਂ ਪਿੰਡ ਭੋਜੇਮਾਜਰਾ ਦੇ ਪੁਲ ਤੇ ਸੰਗਠਨ ਇੰਚਾਰਜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਸ੍ਰੀ ਗੜੀ ਦਾ ਜੈਕਾਰਿਆਂ ਦੀ ਗੂੰਜ ਵਿੱਚ ਸਿਰਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ੍ਰੀ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਅੱਜ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਇੱਕ ਨਿਮਾਣੇ ਸਿੱਖ ਵਜੋਂ ਸਿਜਦਾ ਕਰਨ ਲਈ ਪਹੁੰਚੇ ਹਨ, ਇਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਟਿੱਪਣੀ ਕਰਨ ਤੋਂ ਪਰਹੇਜ਼ ਕਰਨਗੇ।

ਗੜ੍ਹੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਉਹ ਹਲਕੇ ਦੇ ਹਰ ਉਸ ਵਰਕਰ ਅਤੇ ਨਿਵਾਸੀ ਦੀ ਬਾਂਹ ਫੜਨਗੇ, ਜਿਸ ਦੀ ਅੱਜ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ। ਉਨਾ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਵਿੱਚ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਅਤੇ ਘਰ-ਘਰ ਜਾ ਕੇ ਆਪ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ 2027 ਵਿੱਚ ਮੁੜ ‘ਆਪ’ ਸਰਕਾਰ ਬਣਾਉਣ ਦੀ ਅਪੀਲ ਕੀਤੀ ਜਾਵੇਗੀ। ਉਹਨਾਂ ਸਪੱਸ਼ਟ ਕੀਤਾ ਕਿ ਉਹਨਾਂ ਦੀ ਸਿੱਧੀ ਲੜਾਈ ਕਾਂਗਰਸ ਪਾਰਟੀ ਨਾਲ ਹੈ, ਜਿਸ ਨੇ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ, ਦਿੱਲੀ ਕਤਲੇਆਮ ਕਰਵਾਇਆ, ਲੱਖਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਅਤੇ ਪੰਜਾਬ ਦੇ ਸਰਮਾਏ ਦੀ ਲੁੱਟ-ਖਸੁੱਟ ਕੀਤੀ। ਉਹਨਾਂ ਦਾਅਵਾ ਕੀਤਾ ਕਿ ਇਲਾਕੇ ਦੇ ਵਰਕਰਾਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ 2022 ਦੇ ਇਤਿਹਾਸ ਨੂੰ ਮੁੜ ਦੁਹਰਾਇਆ ਜਾਵੇਗਾ।

ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੀ ਗੈਰ-ਹਾਜ਼ਰੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਗੜ੍ਹੀ ਨੇ ਦੱਸਿਆ ਕਿ ਹਲਕੇ ਦੇ ਸੰਗਠਨ ਇੰਚਾਰਜ ਅਮਨਦੀਪ ਸਿੰਘ ਮਾਂਗਟ ਨੇ ਵਿਧਾਇਕ ਨਾਲ ਸੰਪਰਕ ਕੀਤਾ ਸੀ। ਵਿਧਾਇਕ ਸਾਹਿਬ ਨੇ ਦੋ ਦਿਨ ਬਾਹਰ ਹੋਣ ਬਾਰੇ ਦੱਸਿਆ ਸੀ, ਜਿਸ ਕਾਰਨ ਉਹ ਪਹੁੰਚ ਨਹੀਂ ਸਕੇ। ਉਹਨਾਂ ਭਰੋਸਾ ਦਿੱਤਾ ਕਿ ਆਉਂਦੇ 15 ਦਿਨਾਂ ਦੇ ਅੰਦਰ-ਅੰਦਰ ਵਿਧਾਇਕ ਸਮੇਤ ਸਮੂਹ ਅਹੁਦੇਦਾਰ, ਵਰਕਰ ਅਤੇ ਵਲੰਟੀਅਰ ਇੱਕੋ ਮੰਚ ‘ਤੇ ਇਕੱਠੇ ਦਿਖਾਈ ਦੇਣਗੇ।

ਇਸ ਉਪਰੰਤ ਉਨਾ ਨੇ ਮੋਰਿੰਡਾ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਪ੍ਰਾਚੀਨ ਸਨਾਤਨ ਧਰਮ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਤੇ ਉਨਾ ਨਾਲ ਸਾਬਕਾ ਵਿਧਾਇਕ ਅਤੇ ਐਸਸੀ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਪੀ, ਪਾਰਟੀ ਦੇ ਫਾਊਂਡਰ ਮੈਂਬਰ ਕੁਲਦੀਪ ਸਿੰਘ ਗਿੱਲ ਖੇੜੀ , ਨਿਰਮਲ ਪ੍ਰੀਤ ਸਿੰਘ ਮਿਹਰਬਾਨ,ਜਿਲਾ ਰੋਪੜ ਦੇ ਪ੍ਰਧਾਨ ਡਾਕਟਰ ਸੰਜੀਵ ਗੌਤਮ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਕੇਸਰ ਸਿੰਘ ਸਮਾਨਾ, ਸਾਬਕਾ ਚੇਅਰਮੈਨ ਐਨਪੀ ਸਿੰਘ ਰਾਣਾ, ਸਾਬਕਾ ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਬਲਦੇਵ ਸਿੰਘ ਹਾਫਿਜ਼ਾਬਾਦ, ਰੋਹਿਤ ਸ਼ਰਮਾ, ਸੀਨੀਅਰ ਆਗੂ ਭੁਪਿੰਦਰ ਸਿੰਘ ਭੂਰਾ, ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਕਾਕਾ ਜਟਾਣਾ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ,ਸ਼ਮਸ਼ੇਰ ਸਿੰਘ ਮੰਗੀ, ਸਰਪੰਚ ਨਿਰਮਲ ਸਿੰਘ, ਸਾਬਕਾ ਕੌਂਸਲਰ ਰਕੇਸ਼ ਬੱਬਾ ਆਦਮੀ ਹਾਜ਼ਰ ਸਨ, ਜਦ ਕਿ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਬਹੁਤੇ ਸਮਰਥਕਾਂ ਤੇ ਪੰਚਾਂ ਸਰਪੰਚਾਂ ਨੇ ਸ੍ਰੀ ਗੜੀ ਦੀ ਇਸ ਫੇਰੀ ਤੋਂ ਦੂਰੀ ਬਣਾਈ ਰੱਖੀ, ਜਿਸ ਤੋਂ ਇਹ ਲੱਗਦਾ ਹੈ ਕਿ ਹਲਕਾ ਵਿਧਾਇਕ ਤੇ ਉਸ ਦੇ ਸਮਰਥਕਾਂ ਨੇ ਪਾਰਟੀ ਹਾਈ ਕਮਾਂਡ ਦੇ ਇਸ ਫੈਸਲੇ ਨੂੰ ਮਨੋ ਨਹੀ ਮੰਨਿਆ, ਜਿਸ ਦਾ ਖਮਿਆਜਾ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਸ੍ਰੀ ਗੜੀ , ਹਲਕਾ ਸ੍ਰੀ ਚਮਕੌਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਮੁੱਚੇ ਸਮਰੱਥਕਾਂ ਨੂੰ ਆਪਣੇ ਨਾਲ ਤੋਰਨ ਵਿੱਚ ਕਿੰਨਾ ਕੁ ਕਾਮਯਾਬ ਰਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ?