- ਕ੍ਰਿਕਟ ਅਕੈਡਮੀ ’ਚ ਦਰਦਨਾਕ ਹਾਦਸਾ, ਪਿੱਚ ਰੋਲਰ ਦੀ ਲਪੇਟ ’ਚ ਕੇ 8 ਸਾਲਾ ਮਾਸੂਮ ਬੱਚੇ ਦੀ ਮੌਤ
ਗੁਰੂਗ੍ਰਾਮ: 30 ਅਗਸਤ (ਦੇਸ਼ ਕਲਿੱਕ ਬਿਊਰੋ): ਗੁਰੂਗ੍ਰਾਮ ਦੇ ਕਕਰੋਲਾ ਇਲਾਕੇ ਵਿੱਚ ਸਥਿਤ ਇੱਕ ਕ੍ਰਿਕਟ ਅਕੈਡਮੀ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ 8 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਕਾਸ਼ ਕੁਮਾਰ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਆਕਾਸ਼ ਆਪਣੇ ਭਰਾ ਨੀਲ ਅਤੇ ਕੁਝ ਹੋਰ ਬੱਚਿਆਂ ਨਾਲ ਸ਼੍ਰੀ ਸ਼ਿਆਮ ਕ੍ਰਿਕਟ ਟ੍ਰੇਨਿੰਗ ਅਕੈਡਮੀ ਦੇ ਕੈਂਪਸ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉੱਥੇ ਖੜ੍ਹਾ ਮਿਨੀ ਪਿੱਚ ਰੋਲਰ ਅਚਾਨਕ ਚੱਲ ਪਿਆ।
ਬੱਚੇ ਦੇ ਹੱਥੋਂ ਸਰਕਿਟ ਬ੍ਰੇਕਰ ਚਾਲੂ ਹੋਣ ਦੀ ਮੁੱਢਲੀ ਜਾਣਕਾਰੀ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਥਿਤ ਤੌਰ ’ਤੇ ਕਿਸੇ ਬੱਚੇ ਦੇ ਹੱਥੋਂ ਮਸ਼ੀਨ ਦਾ ਸਰਕਿਟ ਬ੍ਰੇਕਰ ਚਾਲੂ ਹੋ ਗਿਆ, ਜਿਸ ਤੋਂ ਬਾਅਦ ਪਿੱਚ ਰੋਲਰ ਚੱਲ ਪਿਆ। ਮਸ਼ੀਨ ਚਾਲੂ ਹੋਣ ਤੋਂ ਬਾਅਦ ਬੱਚੇ ਇਸ ਦੇ ਆਲੇ-ਦੁਆਲੇ ਖੇਡਣ ਲੱਗ ਪਏ। ਇਸੇ ਦੌਰਾਨ ਆਕਾਸ਼ ਅਚਾਨਕ ਰੋਲਰ ਦੇ ਸਾਹਮਣੇ ਡਿੱਗ ਗਿਆ ਅਤੇ ਮਸ਼ੀਨ ਦੀ ਲਪੇਟ ਵਿੱਚ ਆ ਗਿਆ। ਹਾਦਸੇ ਤੋਂ ਬਾਅਦ ਉੱਥੇ ਮੌਜੂਦ ਹੋਰ ਬੱਚੇ ਡਰ ਕੇ ਮੌਕੇ ਤੋਂ ਚਲੇ ਗਏ।
ਕਰੀਬ ਇੱਕ ਘੰਟੇ ਬਾਅਦ ਪਰਿਵਾਰ ਨੂੰ ਮਿਲੀ ਜਾਣਕਾਰੀ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੂੰ ਘਟਨਾ ਬਾਰੇ ਕਰੀਬ ਇੱਕ ਘੰਟੇ ਬਾਅਦ ਪਤਾ ਲੱਗਾ। ਆਕਾਸ਼ ਦੇ ਭਰਾ ਨੀਲ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਦੱਸਿਆ ਕਿ ਉਸ ਦਾ ਭਰਾ ਜ਼ਖਮੀ ਹੋ ਗਿਆ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਅਕੈਡਮੀ ਵਿੱਚ ਉਸ ਦੀ ਭਾਲ ਕਰਨ ਲਈ ਪਹੁੰਚੇ। ਇਸ ਦੌਰਾਨ ਉੱਥੇ ਪਹੁੰਚੇ ਕੁਝ ਖਿਡਾਰੀਆਂ ਨੇ ਆਕਾਸ਼ ਨੂੰ ਜ਼ਮੀਨ ’ਤੇ ਪਿਆ ਦੇਖਿਆ। ਪਰਿਵਾਰ ਨੇ ਤੁਰੰਤ ਇੱਕ ਵਾਹਨ ਦਾ ਪ੍ਰਬੰਧ ਕਰਕੇ ਬੱਚੇ ਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰੋਲਰ ਦੇ ਨੇੜੇ ਕੋਈ ਜ਼ਿੰਮੇਵਾਰ ਵਿਅਕਤੀ ਨਹੀਂ ਸੀ ਮੌਜੂਦ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਾਦਸੇ ਸਮੇਂ ਪਿੱਚ ਰੋਲਰ ਦੇ ਆਲੇ-ਦੁਆਲੇ ਨਿਗਰਾਨੀ ਲਈ ਕੋਈ ਜ਼ਿੰਮੇਵਾਰ ਵਿਅਕਤੀ ਮੌਜੂਦ ਨਹੀਂ ਸੀ। ਇਹ ਮਸ਼ੀਨ ਕ੍ਰਿਕਟ ਪਿੱਚ ਅਤੇ ਮੈਦਾਨ ਨੂੰ ਸਮਤਲ ਕਰਨ ਲਈ ਵਰਤੀ ਜਾਂਦੀ ਹੈ। ਜਾਂਚ ਅਧਿਕਾਰੀ ਮੁਤਾਬਕ ਬੱਚੇ ਦੇ ਪਰਿਵਾਰ ਵੱਲੋਂ ਫਿਲਹਾਲ ਕਿਸੇ ਸਾਜ਼ਿਸ਼ ਜਾਂ ਲਾਪਰਵਾਹੀ ਦਾ ਦੋਸ਼ ਨਹੀਂ ਲਗਾਇਆ ਗਿਆ ਹੈ। ਪਰਿਵਾਰ ਵੱਲੋਂ ਖੇੜਕੀ ਦੌਲਾ ਥਾਣੇ ਵਿੱਚ ਲਿਖਤੀ ਬਿਆਨ ਦਿੱਤਾ ਗਿਆ ਹੈ। ਪੁਲਿਸ ਨੇ ਫਿਲਹਾਲ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਆਕਸਮਿਕ ਹਾਦਸੇ ਵਜੋਂ ਸ਼ੁਰੂ ਕੀਤੀ ਹੈ। ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।






