ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ! ਵੋਟਿੰਗ ਮੁਕੰਮਲ, ਢਲੀ ਸ਼ਾਮ ਤੱਕ ਨਤੀਜੇ ਆਉਣ ਦੀ ਉਮੀਦ

Top Trending News ਚੰਡੀਗੜ੍ਹ

 

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ! ਵੋਟਿੰਗ ਮੁਕੰਮਲ, ਢਲੀ ਸ਼ਾਮ ਤੱਕ ਨਤੀਜੇ ਆਉਣ ਦੀ ਉਮੀਦ

ਚੰਡੀਗੜ੍ਹ, 31 ਅਗਸਤ 2026: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਵੋਟਿੰਗ ਖ਼ਤਮ ਹੋਣ ਉਪਰੰਤ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ ਹੈ। ਕਾਊਂਟਿੰਗ ਦੁਪਹਿਰ ਸਾਢੇ 12 ਵਜੇ ਸ਼ੁਰੂ ਹੋਈ ਅਤੇ ਦੇਰ ਸ਼ਾਮ ਤੱਕ ਚੋਣ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ। ਇਸ ਨਾਲ ਪ੍ਰੈਜ਼ੀਡੈਂਟ ਅਹੁਦੇ ਸਮੇਤ ਵੱਖ-ਵੱਖ ਅਹੁਦਿਆਂ ’ਤੇ ਜੇਤੂ ਉਮੀਦਵਾਰਾਂ ਦੀ ਤਸਵੀਰ ਸਪੱਸ਼ਟ ਹੋ ਜਾਵੇਗੀ।

ਇਸ ਵਾਰ ਵਿਦਿਆਰਥੀ ਚੋਣਾਂ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਪੋਲਿੰਗ ਲਗਭਗ 10 ਤੋਂ 15 ਫ਼ੀਸਦੀ ਘੱਟ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਲੌਂਗ ਵੀਕੈਂਡ ਦੱਸਿਆ ਜਾ ਰਿਹਾ ਹੈ। ਸ਼ੁੱਕਰਵਾਰ ਤੋਂ ਐਤਵਾਰ ਤੱਕ ਛੁੱਟੀਆਂ ਹੋਣ ਕਾਰਨ ਕਈ ਵਿਦਿਆਰਥੀ ਆਪਣੇ ਘਰਾਂ ਨੂੰ ਚਲੇ ਗਏ ਸਨ ਅਤੇ ਕੁਝ ਸਮੇਂ ਸਿਰ ਕੈਂਪਸ ਵਾਪਸ ਨਹੀਂ ਪਹੁੰਚ ਸਕੇ।

ਇਸ ਦੌਰਾਨ ਕੁਝ ਵਿਦਿਆਰਥੀਆਂ ਅਤੇ ਪ੍ਰੈਜ਼ੀਡੈਂਟ ਉਮੀਦਵਾਰਾਂ ਨੇ ਪ੍ਰਸ਼ਾਸਨ ਤੋਂ ਵੋਟਿੰਗ ਸਮੇਂ ਵਿੱਚ 10 ਤੋਂ 15 ਮਿੰਟ ਦੀ ਰਿਆਇਤ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕੈਂਪਸ ਵਿੱਚ ਦਾਖ਼ਲੇ ਸਮੇਂ ਚੈਕਿੰਗ ਕਾਰਨ ਦੇਰੀ ਹੋਈ, ਜਿਸ ਕਾਰਨ ਕੁਝ ਵਿਦਿਆਰਥੀ ਵੋਟ ਪਾਉਣ ਤੋਂ ਵਾਂਝੇ ਰਹਿ ਗਏ।

ਹਾਲਾਂਕਿ ਪ੍ਰਸ਼ਾਸਨ ਨੇ ਇਹ ਮੰਗ ਨਹੀਂ ਮੰਨੀ। ਹੁਣ ਵਿਦਿਆਰਥੀਆਂ ਅਤੇ ਵੱਖ-ਵੱਖ ਜਥੇਬੰਦੀਆਂ ਦੀਆਂ ਨਜ਼ਰਾਂ ਚੋਣ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।