ਸੀਪੀਆਈ (ML) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਦਾ ਸਦੀਵੀਂ ਵਿਛੋੜਾ; ਸਸਕਾਰ 3 ਸਤੰਬਰ ਨੂੰ
ਦਲਜੀਤ ਕੌਰ
ਜਲੰਧਰ, 2 ਸਤੰਬਰ, 2026: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਸਾਡੇ ਵਿਚਕਾਰ ਨਹੀਂ ਰਹੇ। ਕੁੱਝ ਦਿਨਾਂ ਦੀ ਬਿਮਾਰੀ ਨਾਲ ਜੂਝਦਿਆਂ 1-2 ਸਤੰਬਰ ਦੀ ਦਰਮਿਆਨੀ ਰਾਤ 1 ਵਜੇ ਦੇ ਕਰੀਬ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦਾ ਸਸਕਾਰ 3 ਸਤੰਬਰ ਨੂੰ ਦੁਪਹਿਰ 1 ਵਜੇ ਉਹਨਾਂ ਦੇ ਜੱਦੀ ਪਿੰਡ ਫਗਵਾੜਾ-ਨਕੋਦਰ ਰੋਡ ਸਮਰਾਏ ਵਿਖੇ ਕੀਤਾ ਜਾਵੇਗਾ।
ਪਾਰਟੀ ਦੇ ਸੂਬਾ ਆਗੂ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਤੇ ਗੁਰਮੁੱਖ ਸਿੰਘ ਮਾਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਗਲ ਸੜ ਚੁੱਕੇ ਲੁਟੇਰੇ ਨਿਜ਼ਾਮ ਨੂੰ ਮੁੱਠੋ ਸੁੱਢੋਂ ਤਬਦੀਲ ਕਰਕੇ ਲੁੱਟ ਖਸੁੱਟ ਰਹਿਤ, ਜਾਤਪਾਤ ਰਹਿਤ, ਧਰਮਨਿਰਪੱਖ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤੀ ਲੋਕਾਂ ਦੀ ਪੁੱਗਤ ਵਾਲੇ ਰਾਜ ਪ੍ਰਬੰਧ ਦੀ ਸਿਰਜਣਾ ਲਈ ਸੰਘਰਸ਼ ਕੀਤਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਸਨ ਅਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ ਨਾਲ ਕਮੇਟੀ ਦੇ ਦੋ ਵਾਰ ਪ੍ਰਧਾਨ ਵੀ ਰਹੇ।
ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੱਬੇ-ਕੁਚਲੇ ਲੋਕਾਂ ਅਤੇ ਕਿਰਤੀ ਜਮਾਤ ਦੇ ਲੇਖੇ ਲਗਾ ਦਿੱਤੀ। ਕਾਲਜ ਸਮੇਂ ਤੋਂ ਲੈਕੇ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਸੰਘਰਸ਼ਾਂ ਦੀ ਅਗਵਾਈ ਕੀਤੀ। ਉਹਨਾਂ ਦੇ ਜਾਣ ਨਾਲ ਕਮਿਊਨਿਸਟ ਇਨਕਲਾਬੀ ਲੋਕ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।







