ਪ੍ਰਾਈਵੇਟ ਸਕੂਲ ਬੱਸ ਟਰਾਂਸਪੋਰਟਰਾਂ ਦੀ 3 ਸਤੰਬਰ ਨੂੰ ਬਠਿੰਡਾ ’ਚ ਮਹਾ ਪੰਚਾਇਤ, ਗੁਰਦਾਸਪੁਰ ਤੋਂ ਵੀ ਵੱਡੀ ਗਿਣਤੀ ’ਚ ਹੋਵੇਗੀ ਸ਼ਮੂਲੀਅਤ

Top Trending News ਪੰਜਾਬ

 

ਪ੍ਰਾਈਵੇਟ ਸਕੂਲ ਬੱਸ ਟਰਾਂਸਪੋਰਟਰਾਂ ਦੀ 3 ਸਤੰਬਰ ਨੂੰ ਬਠਿੰਡਾ ’ਚ ਮਹਾ ਪੰਚਾਇਤ, ਗੁਰਦਾਸਪੁਰ ਤੋਂ ਵੀ ਵੱਡੀ ਗਿਣਤੀ ’ਚ ਹੋਵੇਗੀ ਸ਼ਮੂਲੀਅਤ

ਗੁਰਦਾਸਪੁਰ, 2 ਸਤੰਬਰ 2026: ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਬੱਸਾਂ ਦੇ ਟਰਾਂਸਪੋਰਟਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਸਤੰਬਰ ਨੂੰ ਬਠਿੰਡਾ ਦੀ ਦਾਣਾ ਮੰਡੀ ਵਿੱਚ ਮਹਾ ਪੰਚਾਇਤ ਬੁਲਾਈ ਗਈ ਹੈ। ਇਸ ਮਹਾ ਪੰਚਾਇਤ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵੀ ਵੱਖ-ਵੱਖ ਟਰਾਂਸਪੋਰਟਰ ਅਤੇ ਡਰਾਈਵਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਪੱਲਾ ਨੇ ਦੱਸਿਆ ਕਿ ਘੁਮਾਣ, ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਾਈਵੇਟ ਸਕੂਲਾਂ ਨਾਲ ਜੁੜੀਆਂ ਬੱਸਾਂ ਦੇ ਸਮੁੱਚੇ ਡਰਾਈਵਰ ਅਤੇ ਟਰਾਂਸਪੋਰਟਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੱਧਰ ’ਤੇ ਕੀਤੀ ਜਾ ਰਹੀ ਇਸ ਹੜਤਾਲ ਵਿੱਚ ਇਲਾਕੇ ਦੇ ਟਰਾਂਸਪੋਰਟਰ ਅਤੇ ਡਰਾਈਵਰ ਵੀ ਸਰਗਰਮੀ ਨਾਲ ਸ਼ਮੂਲੀਅਤ ਕਰਨਗੇ।

ਹਰਪ੍ਰੀਤ ਸਿੰਘ ਪੱਲਾ ਨੇ ਕਿਹਾ ਕਿ 3 ਸਤੰਬਰ ਨੂੰ ਬਠਿੰਡਾ ਵਿਖੇ ਹੋਣ ਵਾਲੀ ਮਹਾ ਪੰਚਾਇਤ ਦੌਰਾਨ ਟਰਾਂਸਪੋਰਟਰ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਰੱਖਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਕੂਲ ਬੱਸ ਟਰਾਂਸਪੋਰਟਰਾਂ ਅਤੇ ਡਰਾਈਵਰਾਂ ਦੇ ਪਹੁੰਚਣ ਦੀ ਉਮੀਦ ਹੈ।

ਦੂਜੇ ਪਾਸੇ, ਇਲਾਕੇ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਟਰਾਂਸਪੋਰਟਰਾਂ ਦੇ ਸੰਘਰਸ਼ ਪ੍ਰਤੀ ਹਮਾਇਤ ਜਤਾਈ ਹੈ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਉਹ ਟਰਾਂਸਪੋਰਟਰਾਂ ਦੀਆਂ ਮੰਗਾਂ ਦੇ ਮਾਮਲੇ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਟਰਾਂਸਪੋਰਟਰਾਂ ਵੱਲੋਂ ਹੜਤਾਲ ਕੀਤੇ ਜਾਣ ਦੇ ਬਾਵਜੂਦ ਸਕੂਲ ਖੁੱਲ੍ਹੇ ਰਹਿਣਗੇ।

ਇਸ ਕਾਰਨ ਹੜਤਾਲ ਦੌਰਾਨ ਸਕੂਲੀ ਬੱਸ ਸੇਵਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਦਕਿ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਅਕ ਅਦਾਰੇ ਆਮ ਵਾਂਗ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।