ਫਾਜ਼ਿਲਕਾ ’ਚ BSF ਜਵਾਨ ਦੀ ਡਰੇਨ ’ਚ ਡਿੱਗਣ ਨਾਲ ਮੌਤ

Top Trending News ਪੰਜਾਬ

  • ਫਾਜ਼ਿਲਕਾ ’ਚ BSF ਜਵਾਨ ਦੀ ਡਰੇਨ ’ਚ ਡਿੱਗਣ ਨਾਲ ਮੌਤ
  • ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਵਾਪਰਿਆ ਹਾਦਸਾ, ਵਾਹਨ ਦੀ ਚੈਕਿੰਗ ਦੌਰਾਨ ਵਿਗੜਿਆ ਸੰਤੁਲਨ

ਫਾਜ਼ਿਲਕਾ: , 2 ਸਤੰਬਰ (ਦੇਸ਼ ਕਲਿੱਕ ਬਿਊਰੋ): ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਨੂਰ ਸ਼ਾਹ ਦੇ ਕੋਲ ਡਰੇਨ ਦੇ ਪੁਲ ’ਤੇ ਨਾਕਾਬੰਦੀ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ BSF ਦੇ ਇੱਕ ਜਵਾਨ ਦੀ ਪੁਲ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ BSF ਵਿੱਚ ਤਾਇਨਾਤ ASI ਲੱਖਾ ਸਿੰਘ ਵਜੋਂ ਹੋਈ ਹੈ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ BSF ਦੀ ਟੀਮ ਡਰੇਨ ਦੇ ਪੁਲ ’ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ASI ਲੱਖਾ ਸਿੰਘ ਨੇ ਇੱਕ ਵਾਹਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲ ਦੇ ਇੱਕ ਪਾਸੇ ਰੇਲਿੰਗ ਨਹੀਂ ਸੀ। ਚੈਕਿੰਗ ਦੌਰਾਨ ਅਚਾਨਕ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪੁਲ ਤੋਂ ਹੇਠਾਂ ਡਰੇਨ ਵਿੱਚ ਜਾ ਡਿੱਗੇ।

ਹਾਦਸੇ ਵਿੱਚ ASI ਲੱਖਾ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। BSF ਦੇ ਸਾਥੀ ਜਵਾਨ ਤੁਰੰਤ ਉਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲ ’ਤੇ ਲੰਬੇ ਸਮੇਂ ਤੋਂ ਨਹੀਂ ਹੈ ਰੇਲਿੰਗ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡਰੇਨ ਦੇ ਪੁਲ ਦੇ ਇੱਕ ਪਾਸੇ ਲੰਬੇ ਸਮੇਂ ਤੋਂ ਰੇਲਿੰਗ ਨਹੀਂ ਲੱਗੀ ਹੋਈ। ਇਸ ਕਾਰਨ ਇੱਥੇ ਹਮੇਸ਼ਾ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਮੁਤਾਬਕ ਪੁਲ ’ਤੇ ਰੇਲਿੰਗ ਲਗਾਉਣ ਲਈ ਕਈ ਵਾਰ ਪ੍ਰਸ਼ਾਸਨ ਕੋਲ ਮੰਗ ਰੱਖੀ ਗਈ, ਪਰ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਗਿਆ।

ਲਾਸ਼ ਪੋਸਟਮਾਰਟਮ ਲਈ ਮੋਰਚਰੀ ’ਚ ਰੱਖੀ

ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਤੀਕ ਨੇ ਦੱਸਿਆ ਕਿ BSF ਦੀ ਟੀਮ ਜਵਾਨ ਦੀ ਲਾਸ਼ ਲੈ ਕੇ ਹਸਪਤਾਲ ਪਹੁੰਚੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ ਅਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।