NHAI ਦੇ ਟੋਲ ਪਲਾਜ਼ਿਆਂ ’ਤੇ ਕਥਿਤ ਫਰਜ਼ੀ ਟੋਲ ਵਸੂਲੀ ਦਾ ਮਾਮਲਾ, ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ
ਨਵੀਂ ਦਿੱਲੀ 3 ਸਤੰਬਰ 2026
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਦੇ ਕਈ ਟੋਲ ਪਲਾਜ਼ਿਆਂ ’ਤੇ ਕਥਿਤ ਫਰਜ਼ੀ ਟੋਲ ਵਸੂਲੀ ਅਤੇ ਰਕਮ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ED ਦੇ ਲਖਨਊ ਜ਼ੋਨਲ ਦਫ਼ਤਰ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ 14 ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਕਾਰਵਾਈ ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਜੰਮੂ, ਮੱਧ ਪ੍ਰਦੇਸ਼, ਐਨਸੀਆਰ ਅਤੇ ਕੋਲਕਾਤਾ ਸਥਿਤ ਵੱਖ-ਵੱਖ ਥਾਵਾਂ ’ਤੇ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਈ NHAI ਟੋਲ ਪਲਾਜ਼ਿਆਂ ’ਤੇ ਕਥਿਤ ਤੌਰ ’ਤੇ ਅਣਅਧਿਕਾਰਤ ਸਾਫਟਵੇਅਰ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ED ਨੂੰ ਸ਼ੱਕ ਹੈ ਕਿ ਇਨ੍ਹਾਂ ਸਾਫਟਵੇਅਰਾਂ ਰਾਹੀਂ ਅਧਿਕਾਰਤ ਸਿਸਟਮ ਤੋਂ ਬਾਹਰ ਟੋਲ ਦੀਆਂ ਰਸੀਦਾਂ ਤਿਆਰ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਟੋਲ ਰਾਹੀਂ ਇਕੱਠੀ ਹੋਣ ਵਾਲੀ ਕੁਝ ਰਕਮ ਨੂੰ ਅਧਿਕਾਰਤ ਲੇਖਾ-ਜੋਖਾ ਪ੍ਰਣਾਲੀ ਤੋਂ ਬਾਹਰ ਡਾਇਵਰਟ ਕੀਤੇ ਜਾਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ED ਦੀ ਤਲਾਸ਼ੀ ਦੌਰਾਨ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।







