ਦੇਸ਼ ਭਰ ਦੇ ਇੱਕ ਲੱਖ ਪਿੰਡਾਂ ’ਚ ਹੋਣਗੀਆਂ ਕਿਸਾਨ ਮਹਾਪੰਚਾਇਤਾਂ: SKM ਨੇ ਕਰ’ਤਾ ਵੱਡਾ ਐਲਾਨ
ਚੰਡੀਗੜ੍ਹ 4 ਸਤੰਬਰ 2026
ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਕਿਸਾਨ ਸੰਘਰਸ਼ ਨੂੰ ਮੁੜ ਤੇਜ਼ ਕਰਨ ਲਈ ਵੱਡਾ ਐਲਾਨ ਕੀਤਾ ਹੈ। ਐਸਕੇਐਮ ਵੱਲੋਂ 3 ਅਕਤੂਬਰ ਨੂੰ ਦੇਸ਼ ਭਰ ਦੇ ਇੱਕ ਲੱਖ ਪਿੰਡਾਂ ਵਿੱਚ ‘ਮਹਾਪੰਚਾਇਤਾਂ’ ਅਤੇ ਜਨਤਕ ਮੀਟਿੰਗਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਰਾਹੀਂ ਕਰੀਬ 10 ਲੱਖ ਸਵੈ-ਸੇਵਕਾਂ ਨੂੰ ਲਾਮਬੰਦ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਲਗਭਗ 2.5 ਲੱਖ ਮਹਿਲਾਵਾਂ ਸ਼ਾਮਲ ਹੋਣਗੀਆਂ।
ਕਿਸਾਨ ਆਗੂਆਂ ਮੁਤਾਬਕ ਇਨ੍ਹਾਂ ਮਹਾਪੰਚਾਇਤਾਂ ਵਿੱਚ ਕੇਂਦਰ ਸਰਕਾਰ ਵੱਲੋਂ ਐਸਕੇਐਮ ਨੂੰ ਦਿੱਤੇ ਲਿਖਤੀ ਭਰੋਸਿਆਂ ਨੂੰ ਲਾਗੂ ਕਰਵਾਉਣ, ਦਿੱਲੀ ਦੇ ਸਿੰਘੂ ਬਾਰਡਰ ’ਤੇ ਲੰਬੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 736 ਕਿਸਾਨਾਂ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਬਣਾਉਣ ਅਤੇ ਕਾਰਪੋਰੇਟ ਤੇ ਸਾਮਰਾਜੀ ਨੀਤੀਆਂ ਵਿਰੁੱਧ ਮਜ਼ਦੂਰ-ਕਿਸਾਨ ਏਕਤਾ ਮਜ਼ਬੂਤ ਕਰਨ ਸਬੰਧੀ ਮਤੇ ਪਾਸ ਕੀਤੇ ਜਾਣਗੇ।
ਆਲ ਇੰਡੀਆ ਕਿਸਾਨ ਸਭਾ ਦੇ ਆਗੂ ਕ੍ਰਿਸ਼ਨਾ ਪ੍ਰਸਾਦ ਨੇ ਕਿਹਾ ਕਿ ਕਾਰਪੋਰੇਟ ਪੱਖੀ ਨੀਤੀਆਂ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ ਤੈਅ ਕਰਨ ਲਈ 12 ਅਕਤੂਬਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਐਸਕੇਐਮ ਦੀ ਨੈਸ਼ਨਲ ਕੌਂਸਲ ਅਤੇ ਜਨਰਲ ਬਾਡੀ ਦੀ ਮੀਟਿੰਗ ਹੋਵੇਗੀ।







