ਸੜਕ ਹਾਦਸੇ ਵਿੱਚ ਦੋ ਵਿਦਿਆਰਥਣਾਂ ਦੀ ਮੌਤ
ਟਰੱਕ ਦੀ ਫੇਟ ਨੇ ਖੋਹ ਲਈਆਂ ਦੋ ਸਕੂਲੀ ਵਿਦਿਆਰਥਣਾਂ ਦੀਆਂ ਜ਼ਿੰਦਗੀਆਂ, ਮੌਕੇ ’ਤੇ ਮੌਤ
ਕੈਥਲ 4 ਸਤੰਬਰ 2026
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਕਸਬਾ ਸੀਵਨ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਸਕੂਲੀ ਵਿਦਿਆਰਥਣਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸ਼ਰਨਦੀਪ ਕੌਰ ਅਤੇ ਗੁਰਿੰਦਰਦੀਪ ਕੌਰ ਵਜੋਂ ਹੋਈ ਹੈ। ਦੋਵੇਂ ਵਿਦਿਆਰਥਣਾਂ ਇੱਕੋ ਪਰਿਵਾਰ ਨਾਲ ਸਬੰਧਤ ਸਨ ਅਤੇ ਪਿੰਡ ਮੰਡੀ ਸਦਰਾ ਤੋਂ ਸੀਵਨ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਜਾ ਰਹੀਆਂ ਸਨ।
ਜਾਣਕਾਰੀ ਅਨੁਸਾਰ ਜਦੋਂ ਦੋਵੇਂ ਸਕੂਟੀ ’ਤੇ ਸਵਾਰ ਹੋ ਕੇ ਸੀਵਨ ਵਿੱਚ ਸਟੇਟ ਬੈਂਕ ਆਫ ਇੰਡੀਆ ਨੇੜੇ ਪਹੁੰਚੀਆਂ ਤਾਂ ਇੱਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਿਦਿਆਰਥਣਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚੋਂ ਇੱਕ ਦਸਵੀਂ ਜਮਾਤ, ਜਦਕਿ ਦੂਜੀ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਵਨ ਪੁਲੀਸ ਮੌਕੇ ’ਤੇ ਪਹੁੰਚੀ। ਪਰਿਵਾਰਕ ਮੈਂਬਰਾਂ ਦੇ ਪਹੁੰਚਣ ਮਗਰੋਂ ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਕੈਥਲ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਵੱਲੋਂ ਫਰਾਰ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।







