BRICS ਸੰਮੇਲਨ ’ਚ ਸ਼ੀ ਜਿਨਪਿੰਗ ਤੇ ਪੁਤਿਨ ਦੋਵੇਂ ਆਉਣਗੇ ਭਾਰਤ, ਗਲਵਾਨ ਝੜਪ ਤੋਂ ਬਾਅਦ ਚੀਨੀ ਰਾਸ਼ਟਰਪਤੀ ਦਾ ਪਹਿਲਾ ਦੌਰਾ

Top Trending News ਰਾਸ਼ਟਰੀ

  • BRICS ਸੰਮੇਲਨ ’ਚ ਸ਼ੀ ਜਿਨਪਿੰਗ ਤੇ ਪੁਤਿਨ ਦੋਵੇਂ ਆਉਣਗੇ ਭਾਰਤ, ਗਲਵਾਨ ਝੜਪ ਤੋਂ ਬਾਅਦ ਚੀਨੀ ਰਾਸ਼ਟਰਪਤੀ ਦਾ ਪਹਿਲਾ ਦੌਰਾ

ਨਵੀਂ ਦਿੱਲੀ, 10 ਸਤੰਬਰ (ਦੇਸ਼ ਕਲਿੱਕ ਬਿਊਰੋ): BRICS ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਆਉਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਜਿਨਪਿੰਗ ਦੇ ਭਾਰਤ ਦੌਰੇ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਦੋ ਦਿਨ ਪਹਿਲਾਂ ਰੂਸ ਵੱਲੋਂ ਵੀ ਪੁਤਿਨ ਦੇ ਭਾਰਤ ਆਉਣ ਦੀ ਪੁਸ਼ਟੀ ਕੀਤੀ ਗਈ ਸੀ। ਸ਼ੀ ਜਿਨਪਿੰਗ ਦਾ 2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਇਹ ਪਹਿਲਾ ਭਾਰਤ ਦੌਰਾ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਿਨਪਿੰਗ ਵਿਚਕਾਰ ਦੁਵੱਲੀ ਮੁਲਾਕਾਤ ਹੋਣ ਦੀ ਵੀ ਸੰਭਾਵਨਾ ਹੈ।

12-13 ਸਤੰਬਰ ਨੂੰ ਹੋਵੇਗਾ BRICS ਸੰਮੇਲਨ
ਨਵੀਂ ਦਿੱਲੀ ਵਿੱਚ 12 ਅਤੇ 13 ਸਤੰਬਰ ਨੂੰ BRICS ਸੰਮੇਲਨ ਹੋਵੇਗਾ, ਜਿਸ ਵਿੱਚ ਚੀਨ ਅਤੇ ਰੂਸ ਸਮੇਤ 11 ਮੈਂਬਰ ਦੇਸ਼ਾਂ ਦੇ ਆਗੂ ਸ਼ਾਮਲ ਹੋਣਗੇ। 15 ਜੂਨ 2020 ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹਿੰਸਕ ਝੜਪ ਹੋਈ ਸੀ। ਇਸ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ, ਜਦਕਿ ਚੀਨ ਨੇ ਬਾਅਦ ਵਿੱਚ ਆਪਣੇ 4 ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਮੰਨੀ ਸੀ।

ਭਾਰਤ-ਚੀਨ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼
ਗਲਵਾਨ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਮੋਦੀ ਅਤੇ ਜਿਨਪਿੰਗ ਦੀਆਂ ਕਈ ਅੰਤਰਰਾਸ਼ਟਰੀ ਮੰਚਾਂ ’ਤੇ ਮੁਲਾਕਾਤਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਚੀਨ ਵਿੱਚ ਹੋਈ SCO ਮੀਟਿੰਗ ਦੌਰਾਨ ਵੀ ਦੋਵੇਂ ਆਗੂ ਆਹਮੋ-ਸਾਹਮਣੇ ਹੋਏ ਸਨ। ਦੋਵਾਂ ਦੇਸ਼ਾਂ ਦੇ ਅਧਿਕਾਰੀ ਪਿਛਲੇ ਕੁਝ ਮਹੀਨਿਆਂ ਤੋਂ ਰਿਸ਼ਤਿਆਂ ਨੂੰ ਸਥਿਰ ਕਰਨ ਲਈ ਗੱਲਬਾਤ ਕਰ ਰਹੇ ਹਨ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ 24 ਅਗਸਤ ਨੂੰ ਚੀਨ ਗਏ ਸਨ। BRICS ਸੰਮੇਲਨ ਦੌਰਾਨ ਮੋਦੀ ਅਤੇ ਜਿਨਪਿੰਗ ਵਿਚਕਾਰ ਵੱਖਰੀ ਦੁਵੱਲੀ ਮੀਟਿੰਗ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।