ਭਾਰਤ ਕੋਲ 190 ਪਰਮਾਣੂ ਹਥਿਆਰ, 35 ਹੋਰ ਬਣਾਉਣ ਦੀ ਸਮਰੱਥਾ, ਅਮਰੀਕੀ ਰਿਪੋਰਟ ‘ਚ ਦਾਅਵਾ

Top Trending News ਰਾਸ਼ਟਰੀ

  • ਭਾਰਤ ਕੋਲ 190 ਪਰਮਾਣੂ ਹਥਿਆਰ, 35 ਹੋਰ ਬਣਾਉਣ ਦੀ ਸਮਰੱਥਾ, ਅਮਰੀਕੀ ਰਿਪੋਰਟ ‘ਚ ਦਾਅਵਾ

ਨਵੀਂ ਦਿੱਲੀ, 10 ਸਤੰਬਰ (ਦੇਸ਼ ਕਲਿੱਕ ਬਿਊਰੋ): ਅਮਰੀਕੀ ਥਿੰਕ ਟੈਂਕ ਫੈਡਰੇਸ਼ਨ ਆਫ ਅਮੈਰੀਕਨ ਸਾਇੰਟਿਸਟਸ (FAS) ਦੀ ਨਵੀਂ ਰਿਪੋਰਟ ਮੁਤਾਬਕ ਭਾਰਤ ਕੋਲ ਕਰੀਬ 190 ਪਰਮਾਣੂ ਹਥਿਆਰ ਹਨ। ਰਿਪੋਰਟ ਦਾ ਅਨੁਮਾਨ ਹੈ ਕਿ ਭਾਰਤ ਕੋਲ ਮੌਜੂਦ ਹਥਿਆਰ ਬਣਾਉਣ ਯੋਗ ਪਲੂਟੋਨੀਅਮ ਨਾਲ ਕਰੀਬ 35 ਹੋਰ ਵਾਰਹੈੱਡ ਤਿਆਰ ਕੀਤੇ ਜਾ ਸਕਦੇ ਹਨ, ਜਿਸ ਨਾਲ ਕੁੱਲ ਗਿਣਤੀ 225 ਤੱਕ ਪਹੁੰਚ ਸਕਦੀ ਹੈ। ਰਿਪੋਰਟ ਮੁਤਾਬਕ 2026 ਦੀ ਸ਼ੁਰੂਆਤ ਤੱਕ ਭਾਰਤ ਕੋਲ ਕਰੀਬ 730 ਕਿਲੋਗ੍ਰਾਮ ਹਥਿਆਰ-ਗ੍ਰੇਡ ਪਲੂਟੋਨੀਅਮ ਹੋਣ ਦਾ ਅਨੁਮਾਨ ਹੈ। ਹਾਲਾਂਕਿ FAS ਨੇ ਸਪੱਸ਼ਟ ਕੀਤਾ ਹੈ ਕਿ ਇਹ ਅੰਕੜੇ ਅਨੁਮਾਨ ’ਤੇ ਆਧਾਰਿਤ ਹਨ ਅਤੇ ਅਸਲ ਗਿਣਤੀ ਵਾਰਹੈੱਡ ਦੇ ਡਿਜ਼ਾਈਨ ਤੇ ਰਿਜ਼ਰਵ ਵਿੱਚ ਰੱਖੀ ਸਮੱਗਰੀ ’ਤੇ ਨਿਰਭਰ ਕਰਦੀ ਹੈ।

ਅਗਨੀ-V ਅਤੇ ਨਿਊਕਲੀਅਰ ਟ੍ਰਾਇਡ ’ਤੇ ਫੋਕਸ
FAS ਨੇ ਭਾਰਤ ਦੀ ਅਗਨੀ-V ਮਿਸਾਈਲ ਦੇ MIRV ਤਕਨੀਕ ਨਾਲ ਟੈਸਟਾਂ ਦਾ ਵੀ ਜ਼ਿਕਰ ਕੀਤਾ ਹੈ। ਇਸ ਤਕਨੀਕ ਰਾਹੀਂ ਇੱਕ ਮਿਸਾਈਲ ’ਤੇ ਕਈ ਵਾਰਹੈੱਡ ਲਗਾ ਕੇ ਉਨ੍ਹਾਂ ਨੂੰ ਵੱਖ-ਵੱਖ ਨਿਸ਼ਾਨਿਆਂ ਵੱਲ ਭੇਜਣ ਦੀ ਸਮਰੱਥਾ ਵਿਕਸਿਤ ਕੀਤੀ ਜਾਂਦੀ ਹੈ। ਰਿਪੋਰਟ ਮੁਤਾਬਕ ਭਾਰਤ ਜ਼ਮੀਨ, ਹਵਾ ਅਤੇ ਸਮੁੰਦਰ—ਤਿੰਨਾਂ ਮਾਧਿਅਮਾਂ ਰਾਹੀਂ ਪਰਮਾਣੂ ਹਮਲਾ ਕਰਨ ਦੀ ਸਮਰੱਥਾ ਵਾਲੀ ਨਿਊਕਲੀਅਰ ਟ੍ਰਾਇਡ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਵਿੱਚ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਬੈਲਿਸਟਿਕ ਮਿਸਾਈਲ ਪਣਡੁੱਬੀਆਂ ਦੀ ਭੂਮਿਕਾ ਅਹਿਮ ਦੱਸੀ ਗਈ ਹੈ।

ਨਵੇਂ ਰਿਐਕਟਰ ਨਾਲ ਵਧੇਗੀ ਪਲੂਟੋਨੀਅਮ ਉਤਪਾਦਨ ਸਮਰੱਥਾ
ਰਿਪੋਰਟ ਵਿੱਚ ਭਾਰਤ ਦੇ 500 ਮੈਗਾਵਾਟ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (PFBR) ਦਾ ਵੀ ਜ਼ਿਕਰ ਹੈ। FAS ਦੇ ਅਨੁਮਾਨ ਮੁਤਾਬਕ ਜੇਕਰ ਇਹ 80 ਫੀਸਦੀ ਸਮਰੱਥਾ ’ਤੇ ਚੱਲਦਾ ਹੈ ਤਾਂ ਸਾਲਾਨਾ ਕਰੀਬ 140 ਕਿਲੋਗ੍ਰਾਮ ਪਲੂਟੋਨੀਅਮ-239 ਪੈਦਾ ਕਰ ਸਕਦਾ ਹੈ। ਰਿਪੋਰਟ ਇਸ ਨੂੰ ਭਾਰਤ ਦੀ ਭਵਿੱਖੀ ਪਰਮਾਣੂ ਸਮਰੱਥਾ ਵਧਾਉਣ ਵਿੱਚ ਅਹਿਮ ਮੰਨਦੀ ਹੈ। FAS ਮੁਤਾਬਕ ਭਾਰਤ ਲੰਬੀ ਦੂਰੀ ਦੀਆਂ ਮਿਸਾਈਲਾਂ ਅਤੇ ਸਮੁੰਦਰ ਤੋਂ ਪਰਮਾਣੂ ਹਮਲੇ ਦੀ ਸਮਰੱਥਾ ਨੂੰ ਵੀ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਭਾਰਤ ਦੀ ਘੋਸ਼ਿਤ ਪਰਮਾਣੂ ਨੀਤੀ ‘ਨੋ ਫਰਸਟ ਯੂਜ਼’ ਹੈ, ਜਿਸ ਤਹਿਤ ਭਾਰਤ ਪਹਿਲਾਂ ਪਰਮਾਣੂ ਹਥਿਆਰ ਨਾ ਵਰਤਣ ਦੀ ਨੀਤੀ ਦੱਸਦਾ ਹੈ।