ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਪੀ ਜੀ ਸਿਲੇਬਸ ਵਿਚੋਂ ਪੰਜਾਬ ਦੇ ਇਤਿਹਾਸ ਨੂੰ ਕਵਰ ਕਰਦੇ ਚਾਰ ਪੇਪਰ ਹਟਾਉਣ ਦਾ ਜ਼ੋਰਦਾਰ ਵਿਰੋਧ

Top Trending News ਪੰਜਾਬ

  • ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਯੂਨੀਵਰਸਿਟੀ ਵਿਖੇ ਪੀ ਜੀ ਸਿਲੇਬਸ ਵਿਚੋਂ ਪੰਜਾਬ ਦੇ ਇਤਿਹਾਸ ਨੂੰ ਕਵਰ ਕਰਦੇ ਚਾਰ ਪੇਪਰ ਹਟਾਉਣ ਦਾ ਜ਼ੋਰਦਾਰ ਵਿਰੋਧ
  • ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਨੇ ਵਾਈਸ ਚਾਂਸਲਰ ਨਾਲ ਗੱਲਬਾਤ ਕੀਤੀ ਹੈ ਜਿਹਨਾਂ ਨੇ ਫੈਸਲਾ ਵਾਪਸ ਲੈਣ ਦਾ ਭਰੋਸਾ ਦੁਆਇਆ

ਚੰਡੀਗੜ੍ਹ, 12 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਯੂਨੀਵਰਸਿਟੀ ਵਿਚ ਹਿਸਟਰੀ ਦੇ ਪੋਸਟ ਗਰੈਜੂਏਟ ਸਿਲੇਬਸ ਵਿਚੋਂ ਪੰਜਾਬ ਦੇ ਇਤਿਹਾਸ ਦੇ ਚਾਰ ਪੇਪਰ ਹਟਾਏ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਫੈਸਲਾ ਸੂਬੇ ਦੀ ਅਮੀਰ ਇਤਿਹਾਸ ਵਿਰਾਸਤ ਦੀ ਸੰਭਾਲ ਪ੍ਰਤੀ ਮੂੰਹ ਮੋੜਨ ਵਾਲੀ ਗੱਲ ਹੈ।

ਇਸ ਮਾਮਲੇ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚਾਰ ਪੇਪਰ ਜੋ ਵਿਦਿਆਰਥੀਆਂ ਨੂੰ ਪੰਜਾਬ ਦੀ 15ਵੀਂ ਤੋਂ 17ਵੀਂ ਸਦੀ, 18ਵੀਂ ਸਦੀ, 19ਵੀਂ ਸਦੀ ਤੇ 20ਵੀਂ ਸਦੀ ਦਾ ਇਤਿਹਾਸ ਪੜ੍ਹਨ ਦਾ ਮੌਕਾ ਦਿੰਦੇ ਹਨ, ਨਾਲ ਕਿਸੇ ਤਰੀਕੇ ਛੇੜਛਾੜ ਨਹੀਂ ਹੋਣੀ ਚਾਹੀਦੀ।

ਡਾ. ਚੀਮਾ ਨੇ ਦੱਸਿਆ ਕਿ ਉਹਨਾਂ ਨੇ ਇਹ ਮਾਮਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਲ-ਨਾਲ ਇਤਿਹਾਸ ਵਿਭਾਗ ਦੇ ਮੁਖੀ ਕੋਲ ਵੀ ਚੁੱਕਿਆ ਹੈ ਤੇ ਦੋਵਾਂ ਨੇ ਉਹਨਾਂ ਨੂੰ ਭਰੋਸਾ ਦੁਆਇਆ ਹੈ ਕਿ ਇਹ ਫੈਸਲਾ ਛੇਤੀ ਹੀ ਵਾਪਸ ਲੈ ਲਿਆ ਜਾਵੇਗਾ ਤੇ ਸਾਰਾ ਸਿਲੇਬਸ ਬਹਾਲ ਕੀਤਾ ਜਾਵੇਗਾ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਫੈਸਲੇ ਜਿਹਨਾਂ ਨਾਲ ਪੰਜਾਬੀਆਂ ਦੀਆਂ ਡੂੰਘੀਆਂ ਸਭਿਆਚਾਰਕ ਤੇ ਇਤਿਹਾਸਕ ਭਾਵਨਾਵਾਂ ਡੂੰਘੀਆਂ ਹਨ, ਭਵਿੱਖ ਵਿਚ ਦੁਹਰਾਏ ਨਹੀਂ ਜਾਣੇ ਚਾਹੀਦੇ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਹਮੇਸ਼ਾ ਅਕਾਦਮਿਕ ਅਧਿਐਨ ਦਾ ਅਨਿਖੜਵਾਂ ਤੇ ਮਾਣਯੋਗ ਹਿੱਸਾ ਰਹਿਣਾ ਚਾਹੀਦਾ ਹੈ।