ਨਾਗਪੁਰ ਚੋਣ ’ਚ ਭਾਜਪਾ ਦੀ ਹਾਰ ’ਤੇ ਕਪਿਲ ਸਿੱਬਲ ਦਾ ਤੰਜ਼, ਬੋਲੇ- ‘ਹੁਣ ਤਾਂ ਭਗਵਾਨ ਵੀ ਨਾਰਾਜ਼ ਹਨ’
ਨਵੀਂ ਦਿੱਲੀ, 31 ਅਕਤੂਬਰ 2026: ਮਹਾਰਾਸ਼ਟਰ ਦੀ ਨਾਗਪੁਰ ਗ੍ਰੈਜੂਏਟ ਵਿਧਾਨ ਪ੍ਰੀਸ਼ਦ ਸੀਟ ’ਤੇ ਕਾਂਗਰਸ ਦੀ ਜਿੱਤ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਕਾਂਗਰਸ ਉਮੀਦਵਾਰ ਅਭਿਜੀਤ ਗੋਵਿੰਦਰਾਓ ਵੰਜਾਰੀ ਨੇ ਭਾਜਪਾ ਦੇ ਸੁਧਾਕਰ ਕੋਹਲੇ ਨੂੰ 3,271 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਸੀਟ ਆਪਣੇ ਨਾਮ ਕੀਤੀ।
ਇਸ ਨਤੀਜੇ ਤੋਂ ਬਾਅਦ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਭਾਜਪਾ ’ਤੇ ਤਿੱਖਾ ਤਨਜ਼ ਕੱਸਿਆ ਹੈ। ਸਿੱਬਲ ਨੇ ਕਿਹਾ ਕਿ ਭਾਜਪਾ ਨੂੰ ਕਾਂਗਰਸ ਦੀ ਚਿੰਤਾ ਕਰਨ ਦੀ ਬਜਾਏ ਆਪਣੀ ਸਿਆਸੀ ਸਥਿਤੀ ਬਾਰੇ ਸੋਚਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਅਯੁੱਧਿਆ, ਮਥੁਰਾ, ਵਾਰਾਣਸੀ ਅਤੇ ਗੋਰਖਪੁਰ ਸਮੇਤ ਕਈ ਥਾਵਾਂ ’ਤੇ ਭਾਜਪਾ ਨੂੰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਹੁਣ ਨਾਗਪੁਰ ਵਿੱਚ ਵੀ ਹਾਰ ਮਿਲੀ ਹੈ।
ਉਨ੍ਹਾਂ ਤਨਜ਼ੀਆ ਲਹਿਜ਼ੇ ਵਿੱਚ ਕਿਹਾ, “ਹੁਣ ਤਾਂ ਭਗਵਾਨ ਵੀ ਭਾਜਪਾ ਤੋਂ ਨਾਰਾਜ਼ ਹਨ।” ਉਨ੍ਹਾਂ ਨੇ ਅੱਗੇ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਗਲਤ ਕੰਮ ਕਰਨ ਜਾਂ ਮੰਦਰਾਂ ਨਾਲ ਜੁੜੇ ਵਿਵਾਦਾਂ ਕਾਰਨ ਲੋਕ ਸਵਾਲ ਉਠਾਉਂਦੇ ਹਨ। ਸਿੱਬਲ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇ ਪੁਰਾਣੇ ਸਾਥੀ ਵੀ ਹੁਣ ਉਸ ਦੇ ਨਾਲ ਖੜ੍ਹੇ ਦਿਖਾਈ ਨਹੀਂ ਦੇ ਰਹੇ।
ਜ਼ਿਕਰਯੋਗ ਹੈ ਕਿ ਨਾਗਪੁਰ ਸੀਟ ’ਤੇ ਵੋਟਾਂ ਦੀ ਗਿਣਤੀ 40 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਸੀ। ਵੰਜਾਰੀ ਨੂੰ 67,231 ਅਤੇ ਕੋਹਲੇ ਨੂੰ 63,960 ਵੋਟਾਂ ਮਿਲੀਆਂ।







