World Breaking: ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਪਹਿਲਾਂ ਹੀ ਤੈਅ ਹੋ ਗਿਆ ਸੀ ਮੁਹੰਮਦ ਯੂਨਸ ਦਾ ਨਾਂ! ਸਾਬਕਾ ਪ੍ਰੈੱਸ ਸਕੱਤਰ ਦੇ ਖੁਲਾਸੇ ਨੇ ਛੇੜੀ ਨਵੀਂ ਚਰਚਾ
ਬੰਗਲਾਦੇਸ਼, 31 ਅਕਤੂਬਰ 2026: ਬੰਗਲਾਦੇਸ਼ ਵਿੱਚ ਅਗਸਤ 2024 ਦੌਰਾਨ ਸ਼ੇਖ ਹਸੀਨਾ ਦੀ ਸਰਕਾਰ ਦੇ ਪਤਨ ਅਤੇ ਮੁਹੰਮਦ ਯੂਨਸ ਵੱਲੋਂ ਅੰਤਰਿਮ ਸਰਕਾਰ ਦੀ ਕਮਾਨ ਸੰਭਾਲਣ ਸਬੰਧੀ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਦਾਅਵਾ ਕੀਤਾ ਗਿਆ ਹੈ ਕਿ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਪਹਿਲਾਂ ਹੀ ਉਨ੍ਹਾਂ ਤੋਂ ਬਾਅਦ ਸਰਕਾਰ ਦੀ ਅਗਵਾਈ ਕੌਣ ਕਰੇਗਾ, ਇਸ ਬਾਰੇ ਚਰਚਾ ਹੋ ਚੁੱਕੀ ਸੀ।
ਇਹ ਖੁਲਾਸਾ ਮੁਹੰਮਦ ਯੂਨਸ ਦੇ ਸਾਬਕਾ ਪ੍ਰੈੱਸ ਸਕੱਤਰ ਸ਼ਫੀਕੁਲ ਆਲਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਇੱਕ ਪੋਸਟ ਰਾਹੀਂ ਕੀਤਾ ਹੈ। ਉਨ੍ਹਾਂ ਮੁਤਾਬਕ, ਵਿਦਿਆਰਥੀ ਆਗੂਆਂ ਨੇ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਦੋ ਦਿਨ ਪਹਿਲਾਂ ਹੀ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਅੰਤਰਿਮ ਸਰਕਾਰ ਦੀ ਅਗਵਾਈ ਕਰਨ ਦੀ ਪੇਸ਼ਕਸ਼ ਕੀਤੀ ਸੀ।
ਸ਼ਫੀਕੁਲ ਆਲਮ ਨੇ ਇਸ ਸਾਰੀ ਪ੍ਰਕਿਰਿਆ ਵਿੱਚ ਪੱਤਰਕਾਰ ਦੀ ਅਹਿਮ ਭੂਮਿਕਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਏਐੱਫਪੀ ਦੇ ਪੱਤਰਕਾਰ ਕਾਦਿਰੂਦੀਨ ਸ਼ਿਸ਼ਿਰ ਨੇ ਵਿਦਿਆਰਥੀ ਅੰਦੋਲਨ ਦੇ ਆਗੂਆਂ ਅਤੇ ਮੁਹੰਮਦ ਯੂਨਸ ਵਿਚਕਾਰ ਸੰਪਰਕ ਸਥਾਪਤ ਕਰਵਾਉਣ ਵਿੱਚ ਭੂਮਿਕਾ ਨਿਭਾਈ ਸੀ। ਇਸ ਖੁਲਾਸੇ ਨੇ ਬੰਗਲਾਦੇਸ਼ ਵਿੱਚ ਸੱਤਾ ਤਬਦੀਲੀ ਦੀ ਪਿਛੋਕੜ ਅਤੇ ਉਸ ਸਮੇਂ ਹੋਈਆਂ ਅੰਦਰੂਨੀ ਗੱਲਬਾਤਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।







