ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਅੱਜ ਹੋਣਗੇ ਸੇਵਾਮੁਕਤ, ਆਸ਼ੂਤੋਸ਼ ਦੀਕਸ਼ਿਤ ਸੰਭਾਲਣਗੇ ਭਾਰਤੀ ਹਵਾਈ ਸੈਨਾ ਦੀ ਕਮਾਨ
ਨਵੀਂ ਦਿੱਲੀ, 31 ਅਕਤੂਬਰ 2026: ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਅੱਜ 25 ਮਹੀਨਿਆਂ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਆਪ੍ਰੇਸ਼ਨ ਸਿੰਦੂਰ, ਸਵਦੇਸ਼ੀ ਰੱਖਿਆ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਹਵਾਈ ਸੈਨਾ ਦੀ ਜੰਗੀ ਸਮਰੱਥਾ ਮਜ਼ਬੂਤ ਕਰਨ ਵਰਗੇ ਅਹਿਮ ਮੁੱਦੇ ਚਰਚਾ ਵਿੱਚ ਰਹੇ।
ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਉਹ 31 ਅਕਤੂਬਰ ਨੂੰ ਹੀ ਨਵੇਂ ਅਹੁਦੇ ਦਾ ਕਾਰਜਭਾਰ ਸੰਭਾਲਣਗੇ।
ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੂੰ ਸੇਵਾਮੁਕਤੀ ਤੋਂ ਪਹਿਲਾਂ ਤਿੰਨ ਅਧਿਕਾਰਤ ਵਿਦਾਇਗੀਆਂ ਦਿੱਤੀਆਂ ਜਾ ਚੁੱਕੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 26 ਅਕਤੂਬਰ ਨੂੰ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਇਸ ਤੋਂ ਬਾਅਦ 27 ਅਕਤੂਬਰ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਵਿਦਾਇਗੀ ਰਾਤਰੀ ਭੋਜ ਅਤੇ 28 ਅਕਤੂਬਰ ਨੂੰ ਹਵਾਈ ਸੈਨਾ ਦੇ ਮੁੱਖ ਦਫ਼ਤਰ ਵੱਲੋਂ ਸਮਾਗਮ ਕਰਵਾਇਆ ਗਿਆ।
ਅਮਰ ਪ੍ਰੀਤ ਸਿੰਘ 21 ਦਸੰਬਰ 1984 ਨੂੰ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿੱਚ ਸ਼ਾਮਲ ਹੋਏ ਸਨ। ਉਹ ਨੈਸ਼ਨਲ ਡਿਫੈਂਸ ਅਕੈਡਮੀ ਸਮੇਤ ਕਈ ਵੱਕਾਰੀ ਰੱਖਿਆ ਸੰਸਥਾਵਾਂ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ 5,000 ਤੋਂ ਵੱਧ ਘੰਟੇ ਵੱਖ-ਵੱਖ ਜਹਾਜ਼ ਉਡਾਉਣ ਦਾ ਤਜਰਬਾ ਹੈ।







