ਪਟਾਕਿਆਂ ਵਾਲੇ ਗੋਦਾਮ ’ਚ ਲੱਗੀ ਅੱਗ, ਕੰਧ ਡਿੱਗਣ ਕਾਰਨ 27 ਸਾਲਾ ਨੌਜਵਾਨ ਦੀ ਮੌਤ

Top Trending News ਪੰਜਾਬ
  • ਪਟਾਕਿਆਂ ਵਾਲੇ ਗੋਦਾਮ ’ਚ ਲੱਗੀ ਅੱਗ, ਕੰਧ ਡਿੱਗਣ ਕਾਰਨ 27 ਸਾਲਾ ਨੌਜਵਾਨ ਦੀ ਮੌਤ

ਲੁਧਿਆਣਾ, 30 ਅਕਤੂਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਗੋਲਡੀ ਸੱਬਰਵਾਲ ਦੇ ਪਟਾਕਿਆਂ ਦੇ ਗੋਦਾਮ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਗੋਦਾਮ ਵਿੱਚ ਧਮਾਕੇ ਹੋਏ ਅਤੇ ਇੱਕ ਕੰਧ ਡਿੱਗ ਗਈ, ਜਿਸ ਦੇ ਮਲਬੇ ਹੇਠ ਦੱਬਣ ਕਾਰਨ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਸੱਬਰਵਾਲ ਵਜੋਂ ਹੋਈ ਹੈ, ਜੋ ਗੋਲਡੀ ਸੱਬਰਵਾਲ ਦੇ ਚਾਚੇ ਦਾ ਪੁੱਤਰ ਸੀ।

ਪੁਲਿਸ ਮੁਤਾਬਕ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਅੱਗ ਲੱਗੀ, ਜਿੱਥੇ ਰਸੋਈ ਦੇ ਨਾਲ ਬਣੇ ਕਮਰੇ ਵਿੱਚ ਪਟਾਕਿਆਂ ਦਾ ਸਟਾਕ ਰੱਖਿਆ ਹੋਇਆ ਸੀ। ਅੱਗ ਲੱਗਣ ਤੋਂ ਬਾਅਦ ਸਾਹਿਲ ਗੋਦਾਮ ਦੇ ਇੱਕ ਪਾਸੇ ਖੜ੍ਹਾ ਸੀ ਕਿ ਅਚਾਨਕ ਕੰਧ ਡਿੱਗ ਗਈ ਅਤੇ ਉਹ ਮਲਬੇ ਹੇਠ ਦੱਬ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਰਿਹਾਇਸ਼ੀ ਇਲਾਕੇ ਵਿੱਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਸਟੋਰ ਕੀਤੇ ਗਏ ਸਨ।

ਗੋਲਡੀ ਸੱਬਰਵਾਲ ਨੇ ਸ਼ਾਰਟ ਸਰਕਟ ਨੂੰ ਦੱਸਿਆ ਕਾਰਨ
ਘਟਨਾ ਤੋਂ ਬਾਅਦ ‘ਆਪ’ ਆਗੂ ਗੋਲਡੀ ਸੱਬਰਵਾਲ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਕੁਝ ਪਟਾਕੇ ਬਚੇ ਹੋਏ ਸਨ, ਜਿਨ੍ਹਾਂ ਨੂੰ ਉੱਥੇ ਰੱਖਿਆ ਗਿਆ ਸੀ। ਉਨ੍ਹਾਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।

ਕੱਪੜਿਆਂ ਦੇ ਕਾਰੋਬਾਰ ਨਾਲ ਵੀ ਜੁੜੇ ਹਨ ਗੋਲਡੀ
ਗੋਲਡੀ ਸੱਬਰਵਾਲ ਸਮਾਜ ਸੇਵਾ ਦੇ ਨਾਲ ਕੱਪੜਿਆਂ ਦਾ ਕਾਰੋਬਾਰ ਵੀ ਕਰਦੇ ਹਨ। ਫੀਲਡ ਗੰਜ ਇਲਾਕੇ ਵਿੱਚ ਉਨ੍ਹਾਂ ਦੀ ‘ਪੁਲਕਿਤ ਫੈਸ਼ਨ’ ਨਾਮ ਦੀ ਦੁਕਾਨ ਹੈ। ਇਸ ਤੋਂ ਇਲਾਵਾ ਉਹ ਕਣਕ ਦਾ ਡਿਪੂ ਵੀ ਚਲਾਉਂਦੇ ਹਨ। ਉਹ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਫੂਡ ਐਂਡ ਸਿਵਲ ਸਪਲਾਈ ਵਿਭਾਗ ਅਧੀਨ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ। ਗੋਲਡੀ ਸੱਬਰਵਾਲ ਨੇ 20 ਜੁਲਾਈ 2024 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਪਹਿਲਾਂ ਉਹ ਭਾਜਪਾ ਨਾਲ ਜੁੜੇ ਹੋਏ ਸਨ। ਜਾਣਕਾਰੀ ਮੁਤਾਬਕ ਕੱਪੜਿਆਂ ਦੀ ਦੁਕਾਨ ਦੀ ਉੱਪਰਲੀ ਮੰਜ਼ਿਲ ’ਤੇ ਪਟਾਕੇ ਰੱਖੇ ਹੋਏ ਸਨ ਅਤੇ ਤਿਉਹਾਰੀ ਸੀਜ਼ਨ ਦੌਰਾਨ ਉਹ ਪਟਾਕਿਆਂ ਦੀ ਵਿਕਰੀ ਵੀ ਕਰਦੇ ਹਨ।