- ਬੁਢਲਾਡਾ ’ਚ ASI ਚਿੱਟਾ ਪੀਂਦਾ ਫੜਿਆ, ਡੋਪ ਟੈਸਟ ਪਾਜ਼ੀਟਿਵ ਆਉਣ ’ਤੇ ਕੇਸ ਦਰਜ
ਬੁਢਲਾਡਾ, 30 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਲੋਕਾਂ ਨੇ ਪੰਜਾਬ ਪੁਲਿਸ ਦੇ ਇੱਕ ASI ਨੂੰ ਕਥਿਤ ਤੌਰ ’ਤੇ ਚਿੱਟੇ ਦਾ ਸੇਵਨ ਕਰਦਿਆਂ ਫੜ ਲਿਆ। ਲੋਕਾਂ ਨੇ ਉਸ ਨੂੰ ਵਿਚਕਾਰ ਬਾਜ਼ਾਰ ਘੇਰ ਲਿਆ ਅਤੇ ਉਸ ਦੀ ਜੇਬ ਵਿੱਚੋਂ ਨਸ਼ੇ ਦੀ ਪੁੜੀ ਮਿਲਣ ਦਾ ਦਾਅਵਾ ਕੀਤਾ। ਮਾਮਲੇ ਤੋਂ ਬਾਅਦ ਲੋਕਾਂ ਨੇ ਧਰਨਾ ਲਾ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਮੁਲਾਜ਼ਮ ਦਾ ਡੋਪ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਥਾਣਾ ਬੁਢਲਾਡਾ ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ। ਲੋਕਾਂ ਨੇ ASI ਸਹਿਜਪ੍ਰੀਤ (50) ਨੂੰ ਕਥਿਤ ਤੌਰ ’ਤੇ ਚਿੱਟੇ ਦਾ ਸੇਵਨ ਕਰਦਿਆਂ ਦੇਖਿਆ, ਜਿਸ ਤੋਂ ਬਾਅਦ ਮੌਕੇ ’ਤੇ ਭੀੜ ਇਕੱਠੀ ਹੋ ਗਈ। ਲੋਕਾਂ ਵੱਲੋਂ ਘੇਰੇ ਜਾਣ ’ਤੇ ASI ਨੇ ਕਿਹਾ ਕਿ ਉਹ ਟ੍ਰੇਨਿੰਗ ਲਈ ਆਇਆ ਹੋਇਆ ਹੈ ਅਤੇ ਉਸ ਨੇ ਕੋਈ ਨਸ਼ਾ ਨਹੀਂ ਕੀਤਾ। ਹਾਲਾਂਕਿ, ਲੋਕਾਂ ਨੇ ਉਸ ਦੇ ਇਸ ਦਾਅਵੇ ’ਤੇ ਇਤਰਾਜ਼ ਜਤਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਧਰਨੇ ਤੋਂ ਬਾਅਦ ਕਰਵਾਇਆ ਡੋਪ ਟੈਸਟ
ਘਟਨਾ ਦੇ ਵਿਰੋਧ ਵਿੱਚ ਲੋਕਾਂ ਨੇ ਧਰਨਾ-ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਬਾਅਦ ਪੁਲਿਸ ਨੇ ASI ਦਾ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਇਸ ਮਗਰੋਂ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਜਹਾਨ ਖੇਲਾਂ ਵਿੱਚ ਲੈ ਰਿਹਾ ਸੀ ਟ੍ਰੇਨਿੰਗ: ਐੱਸਪੀ
ਐੱਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਹਿਜਪ੍ਰੀਤ ਜਹਾਨ ਖੇਲਾਂ ਵਿੱਚ ਟ੍ਰੇਨਿੰਗ ਲੈ ਰਿਹਾ ਸੀ ਅਤੇ ਉਸ ਦੀ ਡਿਊਟੀ ਬੁਢਲਾਡਾ ਵਿੱਚ ਲਗਾਈ ਗਈ ਸੀ। ਇਸੇ ਦੌਰਾਨ ਲੋਕਾਂ ਨੇ ਉਸ ਨੂੰ ਕਥਿਤ ਤੌਰ ’ਤੇ ਨਸ਼ਾ ਕਰਦਿਆਂ ਫੜ ਲਿਆ। ਡੋਪ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਥਾਣਾ ਬੁਢਲਾਡਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਸਵਾਲ ਉਠਾਏ ਕਿ ਜਦੋਂ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕਰ ਰਹੀ ਹੈ ਤਾਂ ਪੁਲਿਸ ਮੁਲਾਜ਼ਮਾਂ ਨਾਲ ਜੁੜੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕਿਉਂ ਨਾ ਕੀਤੀ ਜਾਵੇ।







