ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ: ਲੰਡਨ ਦੇ ਵੈਂਬਲੇ ਆਰਚ ‘ਚ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ

Top Trending News ਕੌਮਾਂਤਰੀ ਪੰਜਾਬ

 

ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ: ਲੰਡਨ ਦੇ ਵੈਂਬਲੇ ਆਰਚ ‘ਚ ਪਰਫਾਰਮ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਗਾਇਕ

ਲੰਡਨ 13 ਸਤੰਬਰ 2026

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸੰਗੀਤ ਦਾ ਪਰਚਮ ਲਹਿਰਾਉਂਦੇ ਹੋਏ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਲੰਡਨ ਦੇ ਪ੍ਰਸਿੱਧ ਵੈਂਬਲੇ ਆਰਚ (Wembley Arch) ਵਿਖੇ ਮੁੱਖ ਕਲਾਕਾਰ ਵਜੋਂ ਸ਼ੋਅ ਕਰਨ ਵਾਲੇ ਦਿਲਜੀਤ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਇਸ ਸ਼ਾਨਦਾਰ ਉਪਲਬਧੀ ਨਾਲ ਉਨ੍ਹਾਂ ਨੇ ਗਲੋਬਲ ਸੰਗੀਤ ਜਗਤ ਵਿੱਚ ਪੰਜਾਬੀ ਇੰਡਸਟਰੀ ਦਾ ਨਾਂ ਹੋਰ ਉੱਚਾ ਕਰ ਦਿੱਤਾ ਹੈ।

ਸ਼ੋਅ ਦੇ ਪ੍ਰਬੰਧਕਾਂ ਨੇ ਇਸ ਇਤਿਹਾਸਕ ਪਲ ਦੀ ਪੁਸ਼ਟੀ ਕੀਤੀ। ਇਸ ਖਾਸ ਮੌਕੇ ਦੀ ਅਹਿਮੀਅਤ ਨੂੰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ, “ਇਹ ਪਲ ਹਮੇਸ਼ਾ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਰਹੇਗਾ।”

ਕੰਸਰਟ ਦੌਰਾਨ ਜਿਵੇਂ ਹੀ ਭੰਗੜੇ ਦੀਆਂ ਧੁਨਾਂ ਗੂੰਜੀਆਂ, ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਪ੍ਰਸ਼ੰਸਕ ਝੂਮਣ ਲੱਗ ਪਏ। ਦਿਲਜੀਤ ਨੇ ਆਪਣੇ ਚਰਚਿਤ ਅਤੇ ਸੁਪਰਹਿੱਟ ਗਾਣਿਆਂ ‘ਜੀ.ਓ.ਏ.ਟੀ.’ (G.O.A.T.) ਤੋਂ ਲੈ ਕੇ ‘ਲਵਰ’ (Lover) ਤੱਕ ਦੀਆਂ ਦਮਦਾਰ ਪੇਸ਼ਕਾਰੀਆਂ ਨਾਲ ਲੰਡਨ ਵਿੱਚ ਪੂਰਾ ਰੰਗ ਬੰਨ੍ਹ ਦਿੱਤਾ। ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣਯੋਗ ਸੀ ਅਤੇ ਪੂਰਾ ਆਡੀਟੋਰੀਅਮ ਤਾਲੀਆਂ ਤੇ ਕਿਲਕਾਰੀਆਂ ਨਾਲ ਗੂੰਜ ਉੱਠਿਆ।

ਦਿਲਜੀਤ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਬਲਕਿ ਇਹ ਵਿਸ਼ਵ ਪੱਧਰ ‘ਤੇ ਪੰਜਾਬੀ ਸੱਭਿਆਚਾਰ ਲਈ ਵੀ ਇੱਕ ਵੱਡਾ ਮਾਣ ਹੈ।