ਵੱਡੀ ਖ਼ਬਰ: ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ
10 ਤੋਂ 12 ਰਾਊਂਡ ਚਲਾਉਣ ਦਾ ਦਾਅਵਾ; ਪਿੰਡ ’ਚ ਸਹਿਮ
ਬਰਨਾਲਾ, 13 ਸਤੰਬਰ 2026:
ਪੰਜਾਬ ਦੇ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਜਾਣਕਾਰੀ ਦੇ ਮੁਤਾਬਕ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਪਿੰਡ ਫਰਵਾਹੀ ਸਥਿਤ ਘਰ ’ਤੇ ਬੀਤੀ ਦੇਰ ਰਾਤ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਕੁਝ ਵਿਅਕਤੀਆਂ ਵੱਲੋਂ ਗੁਲਾਬ ਸਿੱਧੂ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਗਈਆਂ। ਪਿੰਡ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਘਟਨਾ ਬੀਤੀ ਰਾਤ ਕਰੀਬ 12 ਵਜੇ ਵਾਪਰੀ।
ਉਨ੍ਹਾਂ ਦੇ ਅਨੁਸਾਰ ਮੂੰਹ ਬੰਨ੍ਹੇ ਹੋਏ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਘਰ ’ਤੇ ਕਰੀਬ 10 ਤੋਂ 12 ਰਾਊਂਡ ਫਾਇਰ ਕੀਤੇ। ਘਟਨਾ ਸਮੇਂ ਗੁਲਾਬ ਸਿੱਧੂ ਖੁਦ ਘਰ ਵਿੱਚ ਮੌਜੂਦ ਨਹੀਂ ਸਨ ਅਤੇ ਟੂਰ ਪ੍ਰੋਗਰਾਮਾਂ ’ਤੇ ਗਏ ਹੋਏ ਸਨ, ਜਦਕਿ ਉਨ੍ਹਾਂ ਦਾ ਪਰਿਵਾਰ ਘਰ ਵਿੱਚ ਹੀ ਮੌਜੂਦ ਸੀ।
ਸਰਪੰਚ ਨੇ ਕਿਹਾ ਕਿ ਇਸ ਘਟਨਾ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਤੁਰੰਤ ਜਾਂਚ ਕਰਕੇ ਗੋਲੀਬਾਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਦੌਰਾਨ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਵੱਲੋਂ ਫੁਟੇਜ ਅਤੇ ਹੋਰ ਤੱਥਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।







