ਸਪਾਈਸਜੈੱਟ ਦੀ ਫਲਾਈਟ ’ਚ AC ਬੰਦ ਹੋਣ ਕਾਰਨ ਹੰਗਾਮਾ; ਗਰਮੀ ਤੋਂ ਬੇਹਾਲ ਹੋਏ ਯਾਤਰੀ
ਨਵੀਂ ਦਿੱਲੀ 15 ਸਤੰਬਰ 2026
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਪਾਈਸਜੈੱਟ ਦੀ ਦਿੱਲੀ ਤੋਂ ਗੋਰਖਪੁਰ ਜਾਣ ਵਾਲੀ ਉਡਾਣ ਵਿੱਚ ਯਾਤਰੀਆਂ ਨੂੰ ਕਥਿਤ ਤੌਰ ’ਤੇ ਭਾਰੀ ਗਰਮੀ ਅਤੇ ਘੁਟਣ ਦਾ ਸਾਹਮਣਾ ਕਰਨਾ ਪਿਆ। ਫਲਾਈਟ ਨੰਬਰ SG2471 ਨੂੰ ਸ਼ਾਮ 4:30 ਵਜੇ ਰਵਾਨਾ ਹੋਣਾ ਸੀ, ਪਰ ਤਕਨੀਕੀ ਅਤੇ ਸੰਚਾਲਨ ਨਾਲ ਜੁੜੀਆਂ ਦੇਰੀਆਂ ਕਾਰਨ ਜਹਾਜ਼ ਲੰਬੇ ਸਮੇਂ ਤੱਕ ਰਨਵੇ ’ਤੇ ਖੜ੍ਹਾ ਰਿਹਾ।
ਯਾਤਰੀਆਂ ਦਾ ਦਾਅਵਾ ਹੈ ਕਿ ਜਹਾਜ਼ ਦੇ ਅੰਦਰ ਏਅਰ-ਕੰਡੀਸ਼ਨਰ (AC) ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਅਤੇ ਗਰਮੀ ਕਾਰਨ ਹਾਲਾਤ ਬੇਹੱਦ ਪਰੇਸ਼ਾਨੀ ਵਾਲੇ ਬਣ ਗਏ। ਕਈ ਯਾਤਰੀਆਂ ਨੇ ਕਿਤਾਬਾਂ ਅਤੇ ਮੈਗਜ਼ੀਨਾਂ ਨਾਲ ਹਵਾ ਝੱਲ ਕੇ ਰਾਹਤ ਲੈਣ ਦੀ ਕੋਸ਼ਿਸ਼ ਕੀਤੀ।
ਇੱਕ ਯਾਤਰੀ ਮੁਤਾਬਕ, ਜਹਾਜ਼ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਕਾਫੀ ਮੁਸ਼ਕਲ ਆਈ ਅਤੇ ਕੁਝ ਯਾਤਰੀ ਘੁਟਣ ਕਾਰਨ ਬੇਚੈਨ ਹੋ ਗਏ। ਰਿਪੋਰਟ ਮੁਤਾਬਕ, ਕੁਝ ਯਾਤਰੀ ਜਹਾਜ਼ ਤੋਂ ਬਾਹਰ ਵੀ ਆ ਗਏ, ਜਿਸ ਤੋਂ ਬਾਅਦ CISF ਦੇ ਜਵਾਨਾਂ ਨੇ ਸਥਿਤੀ ਸੰਭਾਲੀ।
ਬਾਅਦ ਵਿੱਚ ਜਹਾਜ਼ ਨੇ ਕਰੀਬ 5:50 ਵਜੇ ਉਡਾਣ ਭਰੀ। ਹਾਲਾਂਕਿ, ਸਪਾਈਸਜੈੱਟ ਨੇ AC ਖਰਾਬ ਹੋਣ ਦੇ ਦਾਅਵੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਹਾਜ਼ ਦਾ ਏਅਰ-ਕੰਡੀਸ਼ਨਿੰਗ ਸਿਸਟਮ ਚਾਲੂ ਸੀ ਅਤੇ ਫਲਾਈਟ ਸੰਚਾਲਨ ਕਾਰਨਾਂ ਕਰਕੇ ਦੇਰੀ ਨਾਲ ਰਵਾਨਾ ਹੋਈ।







