- ਕੈਬਨਿਟ ਮੰਤਰੀ ਸੌਂਦ ਅਤੇ ਡਾ. ਬਲਜੀਤ ਕੌਰ ਨੇ ‘ਮਲੋਟ ਕਰਾਫਟ ਕੋਰੀਡੋਰ’ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
ਮਲੋਟ/ਸ੍ਰੀ ਮੁਕਤਸਰ ਸਾਹਿਬ, 14 ਸਤੰਬਰ: (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅੱਜ ਵਿਧਾਨ ਸਭਾ ਹਲਕਾ ਮਲੋਟ ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ’ਚ 15 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ‘ਮਲੋਟ ਕਰਾਫਟ ਕੋਰੀਡੋਰ’ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਕੈਬਨਿਟ ਮੰਤਰੀ ਸੌਂਦ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਲੋਟ ਕਰਾਫਟ ਕੋਰੀਡੋਰ’ ਪ੍ਰੋਜੈਕਟ ਅਧੀਨ ਤਿਆਰ ਹੋਣ ਵਾਲੀ ਹੈਰੀਟੇਜ ਸਟਰੀਟ ਨੂੰ ਮੁਕੰਮਲ ਹੋਣ ’ਤੇ ਛੇ ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਇਸ ਵਿੱਚ ਸ੍ਰੀ ਗੁਰੂ ਰਵਿਦਾਸ ਨਗਰ ਦੀਆਂ ਚਾਰ ਗਲੀਆਂ ਨੂੰ ਕਵਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਨਗਰ ਵਿੱਚ ਲੋਕ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਵੱਡੇ ਪੱਧਰ ’ਤੇ ਕਰਦੇ ਹਨ ਅਤੇ ਬਹੁਤ ਵੱਡੇ ਕਾਰੀਗਰ ਇਸ ਕੰਮ ਵਿੱਚ ਆਪਣਾ ਹੁਨਰ ਦਿਖਾ ਰਹੇ ਹਨ ਅਤੇ ਇਸ ਹੈਰੀਟੇਜ ਸਟਰੀਟ ਦੇ ਬਣਨ ਨਾਲ ਉਨ੍ਹਾਂ ਨੂੰ ਹੋਰ ਸੁੰਦਰਤਾ ਅਤੇ ਸਵੱਛਤਾ ਵਾਲਾ ਮਾਹੌਲ ਮਿਲੇਗਾ ਅਤੇ ਉਨ੍ਹਾਂ ਦੇ ਵਪਾਰ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਯਤਨਾਂ ਸਦਕਾ ਹੀ ਹੋਇਆ ਹੈ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ ਅਤੇ ਇਸ ਸ੍ਰੀ ਗੁਰੂ ਰਵਿਦਾਸ ਨਗਰ ਵਿੱਚ ਚੱਲ ਰਹੇ ਕਾਰੋਬਾਰ ਨੂੰ ਹੋਰ ਪ੍ਰਫ਼ੁੱਲਤ ਕਰਨ ਲਈ ਫੰਡ ਜਾਰੀ ਕੀਤੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੈਵੀ ਗੋਇਲ, ਚੇਅਰਮੈਨ ਸਹਿਕਾਰੀ ਬੈਂਕ ਪੰਜਾਬ ਸ. ਜਗਦੇਵ ਸਿੰਘ ਬਾਂਮ, ਜ਼ਿਲ੍ਹਾ ਪ੍ਰਧਾਨ ਸ੍ਰੀ ਜਸ਼ਨ ਬਰਾੜ, ਕਾਰਜਕਾਰੀ ਇੰਜੀਨੀਅਰ ਸ੍ਰੀ ਦਲਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਮਲੋਟ ਸ੍ਰੀ ਜੋਨੀ ਗਰਗ, ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ, ਸ਼ਹਿਰੀ ਪ੍ਰਧਾਨ ਸੋਮ ਕਾਲੜਾ, ਸੱਤਪਾਲ ਗਿਰਧਰ ਦਫ਼ਤਰ ਇੰਚਾਰਜ, ਜਗਤੇਜ ਸਿੰਘ ਐਮ.ਸੀ., ਸ਼੍ਰੀ ਗੁਰੂ ਰਵਿਦਾਸ ਨਗਰ ਦੇ ਸੀਨੀਅਰ ਆਗੂ ਸਾਗਰ ਮੱਲ, ਹਰਮੇਲ ਸਿੰਘ ਸਾਬਕਾ ਕੌਂਸਲਰ, ਪੀ.ਏ. ਅਰਸ਼ ਸਿੱਧੂ, ਪੀ.ਏ. ਛਿੰਦਰ ਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਆਦਿ ਆਦਿ ਹਾਜ਼ਰ ਸਨ।







