- ਪਟਿਆਲਾ ਤੇ ਮੋਹਾਲੀ ’ਚ ED ਨੇ ਮਾਰੇ ਛਾਪੇ
ਪਟਿਆਲਾ, 16 ਸਤੰਬਰ (ਦੇਸ਼ ਕਲਿੱਕ ਬਿਊਰੋ): ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪਟਿਆਲਾ ਅਤੇ ਮੋਹਾਲੀ ਵਿੱਚ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਟਿਆਲਾ ਦੇ ਫੇਜ਼-2 ਸਥਿਤ ਕਮਰਸ਼ੀਅਲ ਮਾਰਕੀਟ ਦੇ ਸ਼ੋਅਰੂਮ ਨੰਬਰ 8, 9 ਅਤੇ 10 ਵਿੱਚ ਮੰਗਲਵਾਰ ਦੇਰ ਰਾਤ ED ਦੀ ਟੀਮ ਨੇ ਛਾਪੇਮਾਰੀ ਕੀਤੀ। ਇਹ ਕਾਰਵਾਈ ਬੁੱਧਵਾਰ ਸਵੇਰ ਤੱਕ ਜਾਰੀ ਰਹੀ। ਜਾਣਕਾਰੀ ਮੁਤਾਬਕ ਇਨ੍ਹਾਂ ਸ਼ੋਅਰੂਮਾਂ ਨਾਲ ਜੁੜੀਆਂ ਫਲਾਇੰਗ ਫੈਦਰਜ਼ ਅਤੇ DM ਵੈੱਬ ਬੇਸਡ ਸਲੂਸ਼ਨਜ਼ ਨਾਮ ਦੀਆਂ ਕੰਪਨੀਆਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ED ਦੀ ਟੀਮ ਵੱਲੋਂ ਮੌਕੇ ’ਤੇ ਮੌਜੂਦ ਦਸਤਾਵੇਜ਼ਾਂ, ਕੰਪਿਊਟਰ ਰਿਕਾਰਡ ਅਤੇ ਹੋਰ ਸਬੰਧਤ ਸਮੱਗਰੀ ਦੀ ਜਾਂਚ ਕੀਤੀ ਗਈ।
ਕਾਰਵਾਈ ਦੌਰਾਨ ਪੂਰੀ ਇਮਾਰਤ ਨੂੰ ਸੀਲ ਕੀਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਹਾਲਾਂਕਿ ED ਵੱਲੋਂ ਅਜੇ ਤੱਕ ਇਸ ਕਾਰਵਾਈ ਦੇ ਕਾਰਨਾਂ ਜਾਂ ਜਾਂਚ ਨਾਲ ਸਬੰਧਤ ਕੋਈ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
ਮੋਹਾਲੀ ’ਚ ਪ੍ਰਾਪਰਟੀ ਡੀਲਰ ਦੇ ਘਰ ’ਚ ਵੀ ਛਾਪਾ
ਇਸੇ ਦੌਰਾਨ ED ਦੀ ਟੀਮ ਨੇ ਮੋਹਾਲੀ ਦੇ ਸੈਕਟਰ-82 ਵਿੱਚ ਇੱਕ ਪ੍ਰਾਪਰਟੀ ਡੀਲਰ ਅਤੇ ਕਾਰੋਬਾਰੀ ਦੇ ਘਰ ’ਤੇ ਵੀ ਕਾਰਵਾਈ ਕੀਤੀ। ਕਾਰਵਾਈ ਤੋਂ ਬਾਅਦ ED ਦੇ ਕੁਝ ਅਧਿਕਾਰੀ ਲੈਪਟਾਪ ਅਤੇ ਬੈਗ ਲੈ ਕੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆਏ। ਬੈਗਾਂ ਵਿੱਚ ਕੀ ਸਮੱਗਰੀ ਸੀ, ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਕਰੀਬ 3 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਪਰਿਵਾਰ
ਸਥਾਨਕ ਲੋਕਾਂ ਮੁਤਾਬਕ, ਸਬੰਧਤ ਪਰਿਵਾਰ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਗੁਆਂਢੀਆਂ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਬਾਰੇ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਮਕਾਨ ਦੇ ਬਾਹਰ ਗੁਜਰਾਤ ਨੰਬਰ ਦੀਆਂ ਕੁਝ ਗੱਡੀਆਂ ਅਤੇ ਮੋਟਰਸਾਈਕਲ ਵੀ ਦੇਖੇ ਗਏ। ਮੋਹਾਲੀ ਵਿੱਚ ED ਦੀ ਕਾਰਵਾਈ ਹੁਣ ਖ਼ਤਮ ਹੋ ਚੁੱਕੀ ਹੈ। ਦੋਵਾਂ ਥਾਵਾਂ ’ਤੇ ਕੀਤੀ ਗਈ ਕਾਰਵਾਈ ਸਬੰਧੀ ED ਦੇ ਅਧਿਕਾਰੀਆਂ ਨੇ ਕੈਮਰੇ ਸਾਹਮਣੇ ਕੋਈ ਜਾਣਕਾਰੀ ਨਹੀਂ ਦਿੱਤੀ।







