ਬੈਂਕ ਗਾਹਕਾਂ ਲਈ ਅਹਿਮ ਖ਼ਬਰ: ਮੁਲਾਜ਼ਮਾਂ ਵੱਲੋਂ ਤਿੰਨ ਦਿਨਾ ਹੜਤਾਲ ਦਾ ਐਲਾਨ
28 ਤੋਂ 30 ਸਤੰਬਰ ਤੱਕ ਹੜਤਾਲ, ਲਗਾਤਾਰ 5 ਦਿਨ ਪ੍ਰਭਾਵਿਤ ਰਹਿ ਸਕਦੀਆਂ ਬੈਂਕ ਸੇਵਾਵਾਂ
ਨਵੀਂ ਦਿੱਲੀ 21 ਸਤੰਬਰ 2026
ਜੇਕਰ ਤੁਹਾਡਾ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਬਕਾਇਆ ਹੈ, ਤਾਂ ਇਸ ਨੂੰ ਸਮੇਂ ਸਿਰ ਨਿਪਟਾਉਣਾ ਤੁਹਾਡੇ ਲਈ ਅਹਿਮ ਹੋ ਸਕਦਾ ਹੈ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ 28 ਤੋਂ 30 ਸਤੰਬਰ 2026 ਤੱਕ ਤਿੰਨ ਦਿਨਾਂ ਦੀ ਦੇਸ਼-ਪੱਧਰੀ ਬੈਂਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਇਸ ਹੜਤਾਲ ਕਾਰਨ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਹੋਣ ਵਾਲੀਆਂ ਕਈ ਆਮ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਨ੍ਹਾਂ ਵਿੱਚ ਚੈੱਕ ਨਿਪਟਾਰਾ, ਪਾਸਬੁੱਕ ਅੱਪਡੇਟ, ਨਕਦ ਰਕਮ ਜਮ੍ਹਾਂ ਕਰਵਾਉਣ ਜਾਂ ਕਢਵਾਉਣ ਅਤੇ ਸ਼ਾਖਾ ਨਾਲ ਸਬੰਧਤ ਹੋਰ ਕੰਮ ਸ਼ਾਮਲ ਹਨ। ਹਾਲਾਂਕਿ ਡਿਜੀਟਲ ਬੈਂਕਿੰਗ, ਏਟੀਐਮ ਅਤੇ ਹੋਰ ਆਨਲਾਈਨ ਸੇਵਾਵਾਂ ਉਪਲਬਧ ਰਹਿਣ ਦੀ ਸੰਭਾਵਨਾ ਹੈ, ਪਰ ਹੜਤਾਲ ਦੌਰਾਨ ਇਨ੍ਹਾਂ ਸੇਵਾਵਾਂ ’ਤੇ ਵੀ ਵਾਧੂ ਦਬਾਅ ਪੈ ਸਕਦਾ ਹੈ।
ਖ਼ਾਸ ਗੱਲ ਇਹ ਹੈ ਕਿ 26 ਸਤੰਬਰ ਨੂੰ ਸ਼ਨੀਚਰਵਾਰ ਅਤੇ 27 ਸਤੰਬਰ ਨੂੰ ਐਤਵਾਰ ਹੋਣ ਕਾਰਨ ਪਹਿਲਾਂ ਹੀ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਤੁਰੰਤ ਬਾਅਦ 28, 29 ਅਤੇ 30 ਸਤੰਬਰ ਨੂੰ ਹੜਤਾਲ ਹੋਣ ਕਰਕੇ ਸ਼ਾਖਾ ਪੱਧਰ ਦੀਆਂ ਬੈਂਕਿੰਗ ਸੇਵਾਵਾਂ ਲਗਾਤਾਰ ਪੰਜ ਦਿਨਾਂ ਤੱਕ ਪ੍ਰਭਾਵਿਤ ਰਹਿਣ ਦੀ ਸਥਿਤੀ ਬਣ ਸਕਦੀ ਹੈ।
ਬੈਂਕ ਕਰਮਚਾਰੀ ਯੂਨੀਅਨਾਂ ਵੱਲੋਂ ਪੰਜ-ਦਿਨਾ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਯੂਨੀਅਨਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੰਗਾਂ ’ਤੇ ਲੰਬੇ ਸਮੇਂ ਤੋਂ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।
ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਗਾਹਕਾਂ ਨੂੰ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾਉਣ ਦੀ ਸਲਾਹ ਦਿੱਤੀ ਹੈ। ਗਾਹਕਾਂ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਸ਼ਾਖਾ ਵਿੱਚ ਜਾ ਕੇ ਕੋਈ ਜ਼ਰੂਰੀ ਕੰਮ ਕਰਵਾਉਣਾ ਹੈ, ਤਾਂ ਉਹ ਹੜਤਾਲ ਤੋਂ ਪਹਿਲਾਂ ਹੀ ਇਸ ਨੂੰ ਪੂਰਾ ਕਰ ਲੈਣ।
ਬੈਂਕ ਗਾਹਕਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਖ਼ਰੀ ਸਮੇਂ ਦੀ ਭੀੜ ਤੋਂ ਬਚਣ ਲਈ ਨਕਦ ਲੈਣ-ਦੇਣ, ਚੈੱਕ ਜਮ੍ਹਾਂ ਕਰਵਾਉਣ ਅਤੇ ਹੋਰ ਸ਼ਾਖਾ-ਅਧਾਰਿਤ ਕੰਮ ਸਮੇਂ ਸਿਰ ਕਰ ਲੈਣ। ਹੜਤਾਲ ਦੇ ਦਿਨਾਂ ਦੌਰਾਨ ਤੁਰੰਤ ਬੈਂਕਿੰਗ ਦੀ ਲੋੜ ਪੈਣ ’ਤੇ ਗਾਹਕ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰ ਸਕਦੇ ਹਨ।








