ਜਨਗਣਨਾ 2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ

Top Trending News ਪੰਜਾਬ

ਜਨਗਣਨਾ 2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸ਼ੁਰੂ

ਮਾਲੇਰਕੋਟਲਾ, 28 ਸਤੰਬਰ 2026- ਜਨਗਣਨਾ 2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਨੂੰ ਸੁਚਾਰੂ, ਸਹੀ ਅਤੇ ਵਿਵਸਥਿਤ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੰਤਵ ਨਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਸਿਖਲਾਈ ਸਰਕਾਰੀ ਬੀ.ਐੱਡ. ਕਾਲਜ ਮਾਲੇਰਕੋਟਲਾ ਵਿਖੇ ਸ਼ੁਰੂ ਹੋਈ।

ਇਹ ਸਿਖਲਾਈ ਪ੍ਰੋਗਰਾਮ ਡਾਇਰੈਕਟਰ ਆਫ ਸੈਂਸਸ ਆਪ੍ਰੇਸ਼ਨਜ਼, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੈਂਸਸ ਆਪ੍ਰੇਸ਼ਨ ਅਥਾਰਟੀ ਮਾਲੇਰਕੋਟਲਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਕੁੱਲ 18 ਫੀਲਡ ਟ੍ਰੇਨਰ ਭਾਗ ਲੈ ਰਹੇ ਹਨ।

ਸਿਖਲਾਈ ਮੁਕੰਮਲ ਹੋਣ ਉਪਰੰਤ ਇਹ ਫੀਲਡ ਟ੍ਰੇਨਰ ਜ਼ਿਲ੍ਹਾ ਮਾਲੇਰਕੋਟਲਾ ਦੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ, ਜੋ ਆਬਾਦੀ ਗਣਨਾ ਦੇ ਜ਼ਮੀਨੀ ਪੱਧਰ ਦੇ ਕਾਰਜ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਹੋਣਗੇ।

28 ਸਤੰਬਰ ਤੋਂ 30 ਸਤੰਬਰ ਤੱਕ ਚੱਲਣ ਵਾਲੇ ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਜਨਗਣਨਾ ਨਾਲ ਸਬੰਧਤ ਸਾਰੇ ਮਹੱਤਵਪੂਰਨ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਭਾਗੀਦਾਰਾਂ ਨੂੰ ਗਣਨਾ ਦੌਰਾਨ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਨੂੰ ਪੁੱਛਣ ਦੇ ਸਹੀ ਢੰਗ ਅਤੇ ਸਟੀਕ ਤੇ ਭਰੋਸੇਯੋਗ ਜਨਗਣਨਾ ਅੰਕੜੇ ਇਕੱਠੇ ਕਰਨ ਵਿੱਚ ਇਨ੍ਹਾਂ ਸਵਾਲਾਂ ਦੀ ਮਹੱਤਤਾ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਫੀਲਡ ਟ੍ਰੇਨਰਾਂ ਨੂੰ ਜਨਗਣਨਾ ਲਈ ਵਰਤੀ ਜਾਣ ਵਾਲੀ ਐਪ ਨੂੰ ਚਲਾਉਣ ਅਤੇ ਉਸ ਦੀ ਵਿਹਾਰਕ ਵਰਤੋਂ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗਣਨਾ ਬਲਾਕਾਂ ਦੇ ਨਕਸ਼ੇ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਜੋ ਖੇਤਰੀ ਪੱਧਰ ’ਤੇ ਗਣਨਾ ਦਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਅਤੇ ਵਿਵਸਥਿਤ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।

ਇਸ ਮੌਕੇ ਮਾਸਟਰ ਟ੍ਰੇਨਰ ਵਿਵੇਕ ਸਿੰਘ ਚੌਹਾਨ ਅਤੇ ਮੁਹੰਮਦ ਕਫ਼ੀਲ ਵੱਲੋਂ ਫੀਲਡ ਟ੍ਰੇਨਰਾਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ।

ਸਿਖਲਾਈ ਪ੍ਰੋਗਰਾਮ ਦੌਰਾਨ ਡਿਪਟੀ ਇਕਨਾਮਿਕ ਐਂਡ ਸਟੈਟਿਸਟੀਕਲ ਐਡਵਾਈਜ਼ਰ-ਕਮ-ਐਡੀਸ਼ਨਲ ਡਿਸਟ੍ਰਿਕਟ ਸੈਂਸਸ ਅਫ਼ਸਰ ਗੁਰਬਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ ਅਤੇ ਸਿਖਲਾਈ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਸਿਖਲਾਈ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੰਦੀਪ ਸਿੰਘ ਅਤੇ ਗੁਰਮੀਤ ਕੌਰ, ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।