ਪੰਜਾਬ ਪੁਲਿਸ ਨੇ LPU ਦੀ ਸਥਿਤੀ ਨੂੰ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ, ਵਿਦਿਆਰਥੀਆਂ ਨਾਲ ਆਪਣੇ ਬੱਚਿਆਂ ਵਾਂਗ ਵਿਵਹਾਰ ਕੀਤਾ: ਬਲਤੇਜ ਪੰਨੂ
ਸੀਐਮ ਭਗਵੰਤ ਸਿੰਘ ਮਾਨ ਨੇ ਡੀਜੀਪੀ ਨੂੰ ਖੁਦ ਐਲਪੀਯੂ ਦਾ ਦੌਰਾ ਕਰਨ ਦੇ ਦਿੱਤੇ ਨਿਰਦੇਸ਼, ਐਸਆਈਟੀ ਦੀ ਜਾਂਚ ਜਾਰੀ, ਸਭ ਕੁਝ ਕੰਟਰੋਲ ਹੇਠ, ਪੁਲਿਸ ਸਥਿਤੀ ‘ਤੇ ਬਾਰੀਕੀ ਨਾਲ ਰੱਖ ਰਹੀ ਨਜ਼ਰ: ਬਲਤੇਜ ਪੰਨੂ
ਐਸਆਈਟੀ ਪੂਰੇ ਤੱਥ ਸਾਹਮਣੇ ਲਿਆਵੇਗੀ, ਲੋਕਾਂ ਨੂੰ ਜਾਂਚ ਦੇ ਨਤੀਜਿਆਂ ਤੋਂ ਕਰਵਾਇਆ ਜਾਵੇਗਾ ਜਾਣੂ: ਬਲਤੇਜ ਪੰਨੂ
ਵਿਰੋਧੀ ਧਿਰ ਵਿਦਿਆਰਥੀਆਂ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ਦਾ ਸਿਆਸੀਕਰਨ ਕਰਨ ਦੀ ਕਰ ਰਹੀ ਕੋਸ਼ਿਸ਼, ਉਹ ਗਿਰਝਾਂ ਵਾਂਗ ਵਿਵਹਾਰ ਕਰਦੇ ਹਨ, ਹਮੇਸ਼ਾ ਲਾਸ਼ਾਂ ਦੀ ਉਡੀਕ ‘ਚ ਰਹਿੰਦੇ ਹਨ: ਬਲਤੇਜ ਪੰਨੂ
ਹਾਈਵੇਅ ਜਾਮ ਦੇ ਬਾਵਜੂਦ ਵਿਦਿਆਰਥੀਆਂ ਖਿਲਾਫ ਕੋਈ ਲਾਠੀਚਾਰਜ ਜਾਂ ਪੈਲੇਟ ਗਨ ਦੀ ਨਹੀਂ ਕੀਤੀ ਗਈ ਵਰਤੋਂ: ਬਲਤੇਜ ਪੰਨੂ
ਤੋੜ-ਫੋੜ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ: ਬਲਤੇਜ ਪੰਨੂ
ਭਗਵੰਤ ਮਾਨ ਸਰਕਾਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਪੰਜਾਬ ‘ਚ ਅਮਨ-ਸ਼ਾਂਤੀ ਭੰਗ ਕਰਨ ਦੀ ਨਹੀਂ ਦੇਵੇਗੀ ਇਜਾਜ਼ਤ: ਬਲਤੇਜ ਪੰਨੂ
ਚੰਡੀਗੜ੍ਹ 28 ਸਤੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸੋਮਵਾਰ ਨੂੰ ਕਿਹਾ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੀ ਸਥਿਤੀ ਬਹੁਤ ਸੰਵੇਦਨਸ਼ੀਲ ਸੀ ਕਿਉਂਕਿ ਇਸ ਵਿੱਚ ਪੰਜਾਬ, ਹੋਰਨਾਂ ਰਾਜਾਂ ਅਤੇ ਦੂਜੇ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਇਸ ਸਥਿਤੀ ਨੂੰ ਬੜੇ ਸੰਜਮ ਅਤੇ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹਿਲ ਪੰਜਾਬ ਵਿੱਚ ਪੜ੍ਹਦੇ ਹਰ ਵਿਦਿਆਰਥੀ ਦੀ ਸੁਰੱਖਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਨੂੰ ਆਪਣੀ ਜਾਂਚ ਪੂਰੀ ਕਰਨ ਅਤੇ ਪੂਰੇ ਤੱਥ ਸਾਹਮਣੇ ਲਿਆਉਣ ਦਿੱਤੇ ਜਾਣੇ ਚਾਹੀਦੇ ਹਨ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “ਪੰਜਾਬ ਇੱਕ ਮਹੱਤਵਪੂਰਨ ਸਿੱਖਿਆ ਕੇਂਦਰ ਬਣ ਚੁੱਕਾ ਹੈ, ਜਿੱਥੇ ਪੂਰੇ ਭਾਰਤ ਅਤੇ ਵਿਦੇਸ਼ਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਹਨ। ਜੰਮੂ-ਕਸ਼ਮੀਰ ਤੋਂ ਵੱਡੀ ਗਿਣਤੀ ‘ਚ ਵਿਦਿਆਰਥੀ, ਖਾਸ ਕਰਕੇ ਨਰਸਿੰਗ ਅਤੇ ਹੋਰ ਕੋਰਸ ਕਰਨ ਵਾਲੀਆਂ ਲੜਕੀਆਂ, ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਦੀਆਂ ਹਨ। ਉਨ੍ਹਾਂ ਦੀ ਸੁਰੱਖਿਆ ਸਾਡੇ ਲਈ ਬਹੁਤ ਮਹੱਤਵਪੂਰਨ ਹੈ।”
ਐਲਪੀਯੂ ਅਤੇ ਚਿੱਤਕਾਰਾ ਯੂਨੀਵਰਸਿਟੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ, “ਜਦੋਂ ਸਥਿਤੀ ਵਿਗੜ ਗਈ ਅਤੇ ਹਾਈਵੇਅ ਜਾਮ ਕਰ ਦਿੱਤਾ ਗਿਆ, ਤਾਂ ਵੀ ਪੰਜਾਬ ਪੁਲਿਸ ਨੇ ਵਿਦਿਆਰਥੀਆਂ ‘ਤੇ ਕੋਈ ਵਾਧੂ ਬਲ ਪ੍ਰਯੋਗ ਨਹੀਂ ਕੀਤਾ। ਉਨ੍ਹਾਂ ਖਿਲਾਫ ਲਾਠੀਚਾਰਜ ਜਾਂ ਪੈਲੇਟ ਗਨ ਵਰਗੇ ਕਿਸੇ ਵੀ ਬਲ ਦੀ ਵਰਤੋਂ ਨਹੀਂ ਕੀਤੀ ਗਈ। ਇਸ ਦੀ ਬਜਾਏ, ਉਨ੍ਹਾਂ ਨਾਲ ਸਾਡੇ ਆਪਣੇ ਧੀ-ਪੁੱਤਾਂ ਵਾਂਗ ਵਿਵਹਾਰ ਕੀਤਾ ਗਿਆ। ਭਾਵੇਂ ਕੁਝ ਸਮਾਂ ਲੱਗਿਆ, ਪਰ ਸਥਿਤੀ ਨੂੰ ਪੇਸ਼ੇਵਰ ਤਰੀਕੇ ਨਾਲ ਸੰਭਾਲਿਆ ਗਿਆ।”
ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਦੱਸਿਆ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੀਜੀਪੀ ਗੌਰਵ ਯਾਦਵ ਨੂੰ ਖੁਦ ਐਲਪੀਯੂ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ। ਡੀਜੀਪੀ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਸਥਿਤੀ ਸਮੀਖਿਆ ਕੀਤੀ। ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਵਿਦਿਆਰਥੀਆਂ ਅਤੇ ਵਿਦਿਆਰਥੀ ਆਗੂਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਸਨ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਕੀ ਵਾਪਰਿਆ ਸੀ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਲਿਆਂਦਾ ਜਾ ਸਕੇ।”
ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਅਤੇ ਅਸਲ ‘ਚ ਕੀ ਹੋਇਆ ਸੀ, ਇਹ ਪਤਾ ਲਗਾਉਣ ਲਈ ਐਸਆਈਟੀ ਦਾ ਗਠਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ “ਸਾਨੂੰ ਐਸਆਈਟੀ ਨੂੰ ਆਪਣੀ ਜਾਂਚ ਪੂਰੀ ਕਰਨ ਦੇਣੀ ਚਾਹੀਦੀ ਹੈ। ਜੋ ਵੀ ਜਾਣਕਾਰੀ ਸਾਹਮਣੇ ਆਵੇਗੀ, ਉਹ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਸਰਕਾਰ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਜਾਵੇਗੀ। ਐਸਆਈਟੀ ਦੋਸ਼ਾਂ ਦੇ ਨਾਲ-ਨਾਲ ਅਸ਼ਾਂਤੀ ਦੇ ਹਾਲਾਤਾਂ ਦੀ ਵੀ ਜਾਂਚ ਕਰ ਰਹੀ ਹੈ। ਇਹ ਜ਼ਰੂਰੀ ਹੈ ਕਿ ਜਾਂਚ ਨੂੰ ਆਪਣੀ ਪ੍ਰਕਿਰਿਆ ਪੂਰੀ ਕਰਨ ਦਿੱਤੀ ਜਾਵੇ ਤਾਂ ਜੋ ਪੂਰਾ ਸੱਚ ਲੋਕਾਂ ਸਾਹਮਣੇ ਆ ਸਕੇ,”।
ਬਲਤੇਜ ਪੰਨੂ ਨੇ ਵਿਦਿਆਰਥੀਆਂ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਸਿਆਸਤ ਕਰਨ ਲਈ ਵਿਰੋਧੀ ਆਗੂਆਂ ਦੀ ਵੀ ਤਿੱਖੀ ਆਲੋਚਨਾ ਕੀਤੀ। “ਅਜਿਹੇ ਸਮੇਂ ਜਦੋਂ ਸਥਿਤੀ ਵਿਦਿਆਰਥੀਆਂ ਨਾਲ ਜੁੜੀ ਹੋਈ ਸੀ ਅਤੇ ਸੰਵੇਦਨਸ਼ੀਲਤਾ ਦੀ ਲੋੜ ਸੀ, ਕੁਝ ਵਿਰੋਧੀ ਨੇਤਾ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਨ ਦੀ ਬਜਾਏ ਵਿਵਾਦ ਪੈਦਾ ਕਰਨ ਵਿੱਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਸਨ। ਉਹ ਸਥਿਤੀ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਨ ਦੀ ਬਜਾਏ ਗਿੱਧਾਂ ਵਾਂਗ ਲਾਸ਼ਾਂ ਦੀ ਉਡੀਕ ਕਰਦੇ ਪ੍ਰਤੀਤ ਹੋ ਰਹੇ ਹਨ,” ਉਨ੍ਹਾਂ ਕਿਹਾ।
ਉਨ੍ਹਾਂ ਅੱਗੇ ਕਿਹਾ, “ਉਹ ਇਸ ਗੱਲ ਤੋਂ ਪ੍ਰੇਸ਼ਾਨ ਜਾਪਦੇ ਹਨ ਕਿ ਸਥਿਤੀ ਕੰਟਰੋਲ ਵਿੱਚ ਆ ਗਈ ਅਤੇ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨਾਲ ਉਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਿਵੇਂ ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਨਾਲ ਕੀਤਾ ਗਿਆ ਸੀ।”
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਉਨ੍ਹਾਂ ਵੀਡੀਓਜ਼ ਬਾਰੇ, ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਥਿਆਰਬੰਦ ਬਾਹਰੀ ਵਿਅਕਤੀ ਯੂਨੀਵਰਸਿਟੀ ‘ਚ ਦਾਖਲ ਹੋਏ ਸਨ, ਬਲਤੇਜ ਪੰਨੂ ਨੇ ਕਿਹਾ, “ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਵੀਡੀਓਜ਼ ‘ਚ ਦਿਖਾਈ ਦੇ ਰਹੇ ਵਿਅਕਤੀ ਕੋਈ ਅਣਪਛਾਤੇ ਹਮਲਾਵਰ ਨਹੀਂ ਸਨ। ਪੁਲਿਸ ਨੇ ਉਨ੍ਹਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਤੱਕ ਉਨ੍ਹਾਂ ਨੂੰ ਉੱਥੋਂ ਹਟਾਉਣ ਦਾ ਢੁਕਵਾਂ ਕਦਮ ਚੁੱਕਿਆ ਸੀ।”
ਆਪ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ, “ਸਾਡੀ ਪਹਿਲ ਪੰਜਾਬ ਵਿੱਚ ਪੜ੍ਹਦੇ ਹਰ ਵਿਦਿਆਰਥੀ ਦੀ ਸੁਰੱਖਿਆ ਹੈ। ਚਾਹੇ ਉਹ ਪੰਜਾਬ ਦਾ ਹੋਵੇ, ਕਿਸੇ ਹੋਰ ਰਾਜ ਦਾ ਹੋਵੇ ਜਾਂ ਕਿਸੇ ਹੋਰ ਦੇਸ਼ ਦਾ, ਸਾਡੇ ਲਈ ਉਹ ਸਾਡੇ ਬੱਚੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”
ਬਲਤੇਜ ਪੰਨੂ ਨੇ ਕਿਹਾ ਕਿ ਜਿੱਥੇ ਸਰਕਾਰ ਇਹ ਯਕੀਨੀ ਬਣਾਏਗੀ ਕਿ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ, ਉੱਥੇ ਹੀ ਤੋੜ-ਫੋੜ ਅਤੇ ਸਰਕਾਰੀ/ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ “ਇਸ ਦੇ ਨਾਲ ਹੀ, ਐਸ.ਆਈ.ਟੀ. ਜਾਂਚ ਪੂਰੇ ਤੱਥ ਸਥਾਪਿਤ ਕਰੇਗੀ ਅਤੇ ਸਬੂਤਾਂ ਦੇ ਆਧਾਰ ‘ਤੇ ਜ਼ਿੰਮੇਵਾਰੀ ਤੈਅ ਕਰੇਗੀ। ਸਾਡੇ ਲਈ ਪੰਜਾਬ ਪਹਿਲਾਂ ਆਉਂਦਾ ਹੈ, ਅਤੇ ਸਾਡੇ ਵਿਦਿਆਰਥੀ ਸਾਡੇ ਬੱਚੇ ਹਨ। ਅਸੀਂ ਇਸ ਮਾਮਲੇ ਨੂੰ ਪੇਸ਼ੇਵਰ ਤਰੀਕੇ ਨਾਲ ਨਜਿੱਠਣਾ ਜਾਰੀ ਰੱਖਾਂਗੇ, ਐਸਆਈਟੀ ਨੂੰ ਪੂਰੇ ਤੱਥ ਸਾਹਮਣੇ ਲਿਆਉਣ ਦੇਵਾਂਗੇ ਅਤੇ ਪੰਜਾਬੀਆਂ ਨੂੰ ਹਰ ਅਪਡੇਟ ਤੋਂ ਜਾਣੂ ਰੱਖਾਂਗੇ,”।







